ਨਵੀਂ ਦਿੱਲੀ, 11 ਜੂਨ (ਪੰਜਾਬ ਮੇਲ)- ਭਾਰਤੀ ਯੂਨੀਵਰਸਿਟੀਆਂ ਅਤੇ ਉੱਚ ਵਿਦਿਅਕ ਸੰਸਥਾਵਾਂ ਨੂੰ ਹੁਣ ਵਿਦੇਸ਼ੀ ਯੂਨੀਵਰਸਿਟੀਆਂ ਵਾਂਗ ਸਾਲ ਵਿਚ ਦੋ ਵਾਰ ਦਾਖ਼ਲੇ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਇਸ ਸਬੰਧੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੂ.ਜੀ.ਸੀ. ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰਕਿਰਿਆ ਵਿੱਦਿਅਕ ਸੈਸ਼ਨ 2024-25 ਤੋਂ ਦੋ ਵਾਰ ਜੁਲਾਈ-ਅਗਸਤ ਅਤੇ ਜਨਵਰੀ-ਫਰਵਰੀ ਵਿਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਸੰਸਥਾਵਾਂ ਇਹ ਯੋਜਨਾ ਲਾਗੂ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਲਾਭ ਹੋਵੇਗਾ, ਜੋ ਬੋਰਡ ਇਮਤਿਹਾਨਾਂ ਦੇ ਨਤੀਜਿਆਂ ‘ਚ ਦੇਰ, ਸਿਹਤ ਨਾਲ ਸਬੰਧਤ ਮਾਮਲਿਆਂ ਜਾਂ ਨਿੱਜੀ ਕਾਰਨਾਂ ਕਰਕੇ ਜੁਲਾਈ-ਅਗਸਤ ਸੈਸ਼ਨ ਵਿਚ ਕਿਸੇ ਵੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਤੋਂ ਖੁੰਝ ਜਾਂਦੇ ਹਨ।