ਚਾਰ ਨੌਜਵਾਨਾਂ ‘ਤੇ ਪਹਿਲਾਂ ਵੀ ਚੱਲ ਰਹ ਨੇ ਅਜਿਹੇ ਕੇਸ
ਵੈਨਕੂਵਰ, 15 ਜਨਵਰੀ (ਪੰਜਾਬ ਮੇਲ)- ਓਨਟਾਰੀਓ ਦੀ ਪੀਲ ਪੁਲਿਸ ਨੇ ਪੈਸੇ ਬਟੋਰਨ ਲਈ ਬਰੈਂਪਟਨ ਦੇ ਇਕ ਘਰ ‘ਤੇ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ 7 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਚੋਂ ਤਿੰਨ ਮਨਪ੍ਰੀਤ ਸਿੰਘ (27), ਦਿਲਪ੍ਰੀਤ ਸਿੰਘ (23) ਤੇ ਹਰਸ਼ਦੀਪ ਸਿੰਘ (23) ‘ਤੇ ਦੋਸ਼ ਹਨ ਕਿ ਉਨ੍ਹਾਂ ਨੇ ਬੀਤੀ 30 ਨਵਬੰਰ ਨੂੰ ਰਾਤ 2 ਵਜੇ ਮੌਂਟਿਨਬੈਰੀ ਰੋਡ ਉੱਤੇ ਮੌਂਟੈਨਿਸ਼ ਰੋਡ ਕੋਲ ਇਕ ਵਪਾਰੀ ਦੀ ਰਿਹਾਇਸ਼ ‘ਤੇ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ।
ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ ਉੱਥੋਂ ਬੰਦੂਕ ਤੇ ਗੋਲੀ-ਸਿੱਕਾ ਮਿਲਿਆ ਹੈ, ਪਰ ਮੁਲਜ਼ਮ ਉੱਥੋਂ ਫਰਾਰ ਹੋ ਚੁੱਕੇ ਸਨ। ਉਸੇ ਘਰ ਉੱਤੇ 2 ਜਨਵਰੀ ਦੀ ਰਾਤ ਨੂੰ ਫਿਰ ਗੋਲੀਬਾਰੀ ਕੀਤੀ ਗਈ। ਦੋਵੇਂ ਵਾਰ ਹੋਈ ਗੋਲੀਬਾਰੀ ਵਿਚ ਘਰ ਦੇ ਮੈਂਬਰ ਸੁਰੱਖਿਅਤ ਰਹੇ, ਪਰ ਉਨ੍ਹਾਂ ਦੇ ਮਨਾਂ ‘ਚ ਦਹਿਸ਼ਤ ਪੈਦਾ ਹੋ ਗਈ। ਦੂਜੀ ਗੋਲੀਬਾਰੀ ਪਹਿਲੇ ਸ਼ੱਕੀਆਂ ਦੇ ਜਾਣਕਾਰਾਂ ਵੱਲੋਂ ਕੀਤੇ ਹੋਣ ਦਾ ਸਬੂਤ ਕੈਮਰਿਆਂ ‘ਚੋਂ ਮਿਲਣ ‘ਤੇ ਇਹ ਸਾਫ਼ ਹੋ ਗਿਆ ਕਿ ਉਹ ਇੱਕੋ ਗਿਰੋਹ ਦੇ ਮੈਂਬਰ ਹਨ।
ਪੁਲਿਸ ਨੇ ਅਦਾਲਤ ਤੋਂ ਤਲਾਸ਼ੀ ਵਰੰਟ ਲੈ ਕੇ ਜਦੋਂ ਉਨ੍ਹਾਂ ਦੀ ਰਿਹਾਇਸ਼ ਦੀ ਛਾਣਬੀਣ ਕੀਤੀ, ਤਾਂ ਉਥੋਂ ਵੀ ਅਸਲਾ ਤੇ ਗੋਲਾ-ਬਾਰੂਦ ਮਿਲ ਗਿਆ। ਪੁਲਿਸ ਨੇ ਹੋਰ ਸਬੂਤ ਇਕੱਤਰ ਕਰਕੇ ਉਸ ਘਟਨਾ ਦੇ ਸ਼ੱਕੀ ਦੋਸ਼ੀਆਂ ਧਰਮਪ੍ਰੀਤ ਸਿੰਘ (25), ਮਨਪ੍ਰਤਾਪ ਸਿੰਘ (27), ਆਤਮਜੀਤ ਸਿੰਘ (30) ਤੇ ਅਰਵਿੰਦਰਪਾਲ ਸਿੰਘ (21) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸਾਰਿਆਂ ਨੂੰ ਅਗਲੀ ਕਾਰਵਾਈ ਲਈ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਇਨ੍ਹਾਂ ‘ਚੋਂ ਚਾਰ ਤਾਂ ਪਹਿਲਾਂ ਵੀ ਇੰਜ ਦੀਆਂ ਕਾਰਵਾਈਆਂ ਵਿਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਸਨ, ਜਿਸ ਕਾਰਨ ਉਨ੍ਹਾਂ ਖਿਲਾਫ਼ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਦਾ ਜੁਰਮ ਵੀ ਜੁੜ ਗਿਆ ਹੈ।
ਪਤਾ ਲੱਗਾ ਹੈ ਕਿ ਉਹ ਘਰ, ਜਿਸ ‘ਤੇ ਦੋ ਵਾਰ ਗੋਲੀਬਾਰੀ ਹੋਈ, ਭਾਰਤੀ ਮੂਲ ਦੇ ਵਪਾਰੀ ਦਾ ਹੈ ਤੇ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਪਰ ਉਸਨੇ ਇਸ ਦੀ ਪ੍ਰਵਾਹ ਨਾ ਕੀਤੀ। ਸਮਝਿਆ ਜਾਂਦਾ ਹੈ ਕਿ ਗੋਲੀਬਾਰੀ ਉਸ ਨੂੰ ਡਰਾਉਣ ਲਈ ਕੀਤੀ ਜਾਂਦੀ ਸੀ, ਤਾਂ ਕਿ ਉਹ ਫਿਰੌਤੀ ਦੀ ਰਕਮ ਦੇਣ ਲਈ ਤਿਆਰ ਹੋ ਜਾਏ।
ਭਾਰਤੀ ਮੂਲ ਦੇ ਵਪਾਰੀ ਦੇ ਘਰ ‘ਤੇ ਗੋਲੀਬਾਰੀ ਦੇ ਦੋਸ਼ ਹੇਠ 7 ਪੰਜਾਬੀ ਗ੍ਰਿਫ਼ਤਾਰ
