ਸੈਕਰਾਮੈਂਟੋ, 13 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕਾਂਗਰਸ ਸੀਟ ਲਈ ਜ਼ੋਰ-ਅਜ਼ਮਾਈ ਕਰ ਰਹੇ ਭਾਰਤੀ-ਅਮਰੀਕੀ ਅਮੀਸ਼ ਸ਼ਾਹ ਨੇ ਐਰੀਜ਼ੋਨਾ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। 46 ਸਾਲਾ ਸ਼ਾਹ ਨੇ ਪਿਛਲੇ ਸਾਲ ਡੈਮੋਕਰੈਟਿਕ ਉਮੀਦਵਾਰ ਵਜੋਂ ਰਾਜ ਦੇ ਫਸਟ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਉਮੀਦਵਾਰੀ ਦੀ ਦੌੜ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ, ਜੋ ਸੀਟ ਇਸ ਸਮੇਂ ਰਿਪਬਲੀਕਨ ਆਗੂ ਡੇਵਿਡ ਸ਼ਵੀਕਰਟ ਕੋਲ ਹੈ। ਇਸ ਸੀਟ ਤੋਂ ਸ਼ਾਹ ਜੋ ਪਿਛਲੇ 15 ਸਾਲਾਂ ਤੋਂ ਡਾਕਟਰੀ ਖੇਤਰ ‘ਚ ਸੇਵਾਵਾਂ ਨਿਭਾਅ ਰਹੇ ਹਨ ਤੋਂ ਇਲਾਵਾ 6 ਹੋਰ ਡੈਮੋਕਰੈਟਿਕ ਉਮੀਦਵਾਰ ਵਜੋਂ ਨਾਮਜ਼ਦਗੀ ਦੌੜ ਵਿਚ ਸ਼ਾਮਲ ਹਨ। ਸ਼ਾਹ ਨੇ ਕਿਹਾ ਹੈ ਕਿ ਜੇਕਰ ਉਹ ਸਫਲ ਹੁੰਦੇ ਹਨ, ਤਾਂ ਹੋਰ ਮੁੱਦਿਆਂ ਤੋਂ ਇਲਾਵਾ ਸਿੱਖਿਆ, ਸਰਵ ਵਿਆਪਕ ਸਿਹਤ ਸੰਭਾਲ, ਵਰਕਰਾਂ ਲਈ ਉਚਿੱਤ ਮਜਦੂਰੀ ਤੇ ਗਰਭਪਾਤ ਪਹੁੰਚ ਉਨ੍ਹਾਂ ਦੇ ਮੁੱਖ ਮੁੱਦੇ ਹੋਣਗੇ।