* ਫਾਰਚੂਨ ਮੈਗਜ਼ੀਨ ਦੀ ਸੂਚੀ
ਸੈਕਰਾਮੈਂਟੋ, 11 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਾਰਚੂਨ ਮੈਗਜ਼ੀਨ ਦੁਆਰਾ ਕਾਰੋਬਾਰ ਵਿਚ ਸਭ ਤੋਂ ਵਧ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿਚ ਚੋਟੀ ਦੇ ਸ਼ਕਤੀਸ਼ਾਲੀ 100 ਵਿਅਕਤੀਆਂ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿਚ ਭਾਰਤੀ ਮੂਲ ਦੀ ਮੁੰਬਈ ਦੀ ਜਮਪਲ ਰੇਸ਼ਮਾ ਕੇਵਲਰਮਾਨੀ, ਜੋ ਕਿ ਵਰਟੈਕਸ ਫਾਰਮਾਸਿਊਟੀਕਲਜ਼ ਦੀ ਸੀ.ਈ.ਓ. ਹੈ, ਦਾ ਨਾਂ ਵੀ ਸ਼ਾਮਲ ਹੈ। ਕੌਮਾਂਤਰੀ ਕਾਰੋਬਾਰੀ ਆਗੂਆਂ ਦੀ ਸੂਚੀ ਵਿਚ ਕੇਵਲਰਮਾਨੀ 62ਵੇਂ ਸਥਾਨ ‘ਤੇ ਹੈ। ਇਸ ਸੂਚੀ ਵਿਚ ਉਨ੍ਹਾਂ ਕਾਰੋਬਾਰੀਆਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ, ਜੋ ਭਵਿੱਖ ਦੇ ਕਾਰੋਬਾਰ ਨੂੰ ਸ਼ਕਲ ਦਿੰਦੇ ਹਨ। ਕੇਵਲਰਮਾਨੀ ਪਹਿਲੀ ਔਰਤ ਹੈ, ਜਿਸ ਨੇ ਇੱਕ ਵੱਡੀ ਯੂ.ਐੱਸ. ਬਾਇਓਟੈਕਨਾਲੋਜੀ ਫਰਮ ਦੀ ਅਗਵਾਈ ਕੀਤੀ ਹੈ। ਉਹ ਇੱਕ ਡਾਕਟਰ ਹੈ ਤੇ ਉਸ ਨੇ ਵਰਟੈਕਸ ਦੇ ਸੀ.ਈ.ਓ. ਵਜੋਂ ਅਪ੍ਰੈਲ 2020 ਵਿਚ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ 2017 ਤੋਂ ਕੰਪਨੀ ਦੇ ਚੀਫ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਸ ਦੀ ਅਗਵਾਈ ਵਿਚ ਕੰਪਨੀ ਦੇ ਅਸਾਸੇ 110 ਅਰਬ ਡਾਲਰ ਤੱਕ ਪੁੱਜ ਗਏ ਹਨ। ਇਸ ਸੂਚੀ ਵਿਚ ਸ਼ਾਮਲ ਭਾਰਤੀ ਮੂਲ ਦੇ ਹੋਰ ਕਾਰੋਬਾਰੀਆਂ ਵਿਚ ਮਾਈਕਰੋਸਾਫਟ ਦਾ ਸੀ.ਈ.ਓ. ਸਤਿਆ ਨਾਡੇਲਾ (ਦੂਸਰਾ ਸਥਾਨ), ਗੂਗਲ ਸੀ.ਈ.ਓ. ਸੁੰਦਰ ਪਿਚਾਈ (6ਵਾਂ ਸਥਾਨ), ਯੂ ਟਿਊਬ ਸੀ.ਈ.ਓ. ਨੀਲ ਮੋਹਨ (83ਵਾਂ ਸਥਾਨ), ਰਿਲਾਇੰਸ ਇੰਡਸਟਰੀਜ਼ ਚੇਅਰਮੈਨ ਮੁਕੇਸ਼ ਅੰਬਾਨੀ (56ਵਾਂ ਸਥਾਨ) ਤੇ ਅਡਾਨੀ ਗਰੁੱਪ ਚੇਅਰਮੈਨ ਗੌਤਮ ਅਡਾਨੀ (96ਵਾਂ ਸਥਾਨ) ਸ਼ਾਮਲ ਹਨ।
ਭਾਰਤੀ ਮੂਲ ਦੀ ਰੇਸ਼ਮਾ ਕੇਵਲਰਮਾਨੀ ਦਾ ਨਾਂ ਸਭ ਤੋਂ ਵਧ ਸ਼ਕਤੀਸ਼ਾਲੀ 100 ਕਾਰੋਬਾਰੀਆਂ ਵਿਚ ਸ਼ਾਮਲ
