-ਅਮਰੀਕਾ ਦੀ ਸਿਹਤ ਸੰਭਾਲ ਖੇਤਰ ‘ਚ ਸੁਧਾਰਾਂ ਲਈ ਗ੍ਰੀਨ ਕਾਰਡ ‘ਚ ਵਾਧਾ ਕਰਨ ਦੀ ਅਪੀਲ
ਨਿਊਯਾਰਕ, 7 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰਾਂ ਦੀ ਇਕ ਪ੍ਰਮੁੱਖ ਸੰਸਥਾ ਨੇ ਆਗਾਮੀ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਵਾਲੇ ਅਮਰੀਕੀ ਪ੍ਰਸ਼ਾਸਨ ਨੂੰ ਇਮੀਗ੍ਰੇਸ਼ਨ ਅਤੇ ਸਿਹਤ ਸੰਭਾਲ ਖੇਤਰ ਵਿਚ ਸੁਧਾਰਾਂ ਨੂੰ ਤਰਜੀਹ ਦੇਣ ਅਤੇ ਭਾਰਤ ਦੇ ਮੈਡੀਕਲ ਪੇਸ਼ੇਵਰਾਂ ਨੂੰ ‘ਗ੍ਰੀਨ ਕਾਰਡ’ ਜਾਰੀ ਕਰਨ ਦੀ ਅਪੀਲ ਕੀਤੀ ਹੈ। ਅਮਰੀਕਾ ਵਿਚ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜਨ ਨੇ ਕਿਹਾ ਕਿ ਭਾਰਤੀ ਡਾਕਟਰਾਂ ਤੋਂ ਬਿਨਾਂ ਅਮਰੀਕਾ ਦੀਆਂ ਸਿਹਤ ਸੇਵਾਵਾਂ ਢਹਿ-ਢੇਰੀ ਹੋ ਜਾਣਗੀਆਂ। ਸਾਰਿਆਂ ਲਈ ਸਿਹਤ ਸੰਭਾਲ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ, ਇਮੀਗ੍ਰੇਸ਼ਨ ਅਤੇ ਵੀਜ਼ਾ, ਦਵਾਈ ਵਿਚ ਟੈਕਨਾਲੋਜੀ ਦੀ ਵਰਤੋਂ, ਵਿਭਿੰਨਤਾ ਅਤੇ ਭੇਦਭਾਵ ਵਿਰੋਧੀ – ਇਹ ਕੁਝ ਮੁੱਦੇ ਹਨ, ਜਿਨ੍ਹਾਂ ਨੂੰ ਵ੍ਹਾਈਟ ਹਾਊਸ ਪ੍ਰਸ਼ਾਸਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਏ.ਏ.ਪੀ.ਆਈ. ਦੀ ਸਥਾਪਨਾ 1982 ਵਿਚ ਕੀਤੀ ਗਈ ਸੀ। ਇਹ ਅਮਰੀਕਾ ਦੀ ਸਭ ਤੋਂ ਵੱਡੀ ਨਸਲੀ ਮੈਡੀਕਲ ਸੰਸਥਾ ਹੈ, ਜੋ ਭਾਰਤੀ ਮੂਲ ਦੇ 1,20,000 ਤੋਂ ਵੱਧ ਡਾਕਟਰਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੀ ਹੈ। ਬਹੁਤ ਸਾਰੇ ਡਾਕਟਰ ਅਜਿਹੇ ਹਨ, ਜਿਨ੍ਹਾਂ ਕੋਲ 15-20 ਸਾਲ ਅਮਰੀਕਾ ਵਿਚ ਰਹਿਣ ਦੇ ਬਾਵਜੂਦ ਵੀ ਐੱਚ-1ਬੀ ਵਰਕ ਵੀਜ਼ਾ ਹੈ। ਉਨ੍ਹਾਂ ਕਿਹਾ, ”ਸਾਨੂੰ ਉਨ੍ਹਾਂ ਨੂੰ ‘ਗ੍ਰੀਨ ਕਾਰਡ’ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ, ਤਾਂ ਜੋ ਉਹ ਅਮਰੀਕਾ ਵਿਚ ਰਹਿ ਸਕਣ ਅਤੇ ਆਪਣੇ ਵੀਜ਼ਿਆਂ ਦੀ ਸਥਿਤੀ ਦੀ ਚਿੰਤਾ ਕੀਤੇ ਬਿਨਾਂ ਆਪਣਾ ਕੰਮ ਜਾਰੀ ਰੱਖ ਸਕਣ। ਐੱਚ-1ਬੀ ਵਰਕ ਵੀਜ਼ਾ ‘ਤੇ ਰਹਿ ਰਹੇ ਹਜ਼ਾਰਾਂ ਡਾਕਟਰ ਉਨ੍ਹਾਂ ਥਾਵਾਂ ‘ਤੇ ਸੇਵਾਵਾਂ ਦੇ ਰਹੇ ਹਨ, ਜਿੱਥੇ ਸਥਾਨਕ ਡਾਕਟਰ ਜਾਣਾ ਨਹੀਂ ਚਾਹੁੰਦੇ।
ਭਾਰਤੀ ਡਾਕਟਰਾਂ ਤੋਂ ਬਿਨਾਂ ਅਮਰੀਕਾ ਦੀਆਂ ਸਿਹਤ ਸੇਵਾਵਾਂ ਹੋ ਜਾਣਗੀਆਂ ਢਹਿ-ਢੇਰੀ!
