#AMERICA

ਭਾਰਤੀ ਅੰਬੈਸੀ ਦੇ ਫੋਨ ਨੰਬਰ ਤੋਂ ਧੋਖਾਧੜੀ ਦੀਆਂ ਕਾਲਾਂ ਤੋਂ ਅਮਰੀਕਾ ਰਹਿੰਦੇ ਭਾਰਤੀ ਪ੍ਰੇਸ਼ਾਨ

ਵਾਸ਼ਿੰਗਟਨ ਡੀ.ਸੀ., 12 ਮਾਰਚ (ਪੰਜਾਬ ਮੇਲ)-ਅਮਰੀਕਾ ਵਿਚ ਭਾਰਤ ਦੀ ਅੰਬੈਸੀ ਦੇ ਨੰਬਰ ਤੋਂ ਅੱਜਕੱਲ੍ਹ ਇਥੇ ਰਹਿੰਦੇ ਬਹੁਤ ਸਾਰੇ ਭਾਰਤੀਆਂ ਨੂੰ ਧੋਖੇਬਾਜ਼ ਲੋਕਾਂ ਵੱਲੋਂ ਕਾਲਾਂ ਆ ਰਹੀਆਂ ਹਨ। ਇਸ ਸੰਬੰਧੀ ਭਾਰਤੀ ਅੰਬੈਸੀ ਵੱਲੋਂ ਪੰਜਾਬ ਮੇਲ ਨੂੰ ਭੇਜੇ ਗਏ ਇੱਕ ਪ੍ਰੈੱਸ ਨੋਟ ਅਨੁਸਾਰ ਭਾਰਤੀਆਂ ਨੂੰ ਇਸ ਬਾਰੇ ਸੁਚੇਤ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਅਨੁਸਾਰ ਧੋਖੇਬਾਜ਼ ਲੋਕ ਧੋਖਾ ਦੇਣ ਦੇ ਉਦੇਸ਼ ਨਾਲ ਭਾਰਤੀ ਅੰਬੈਸੀ ਦੇ ਨੰਬਰ ਨੂੰ ਕਿਸੇ ਤਕਨੀਕ ਰਾਹੀਂ ਵਰਤ ਰਹੇ ਹਨ ਅਤੇ ਇਥੇ ਰਹਿੰਦੇ ਭਾਰਤੀ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲੇ ਜਾ ਰਹੇ ਹਨ। ਪ੍ਰੈੱਸ ਨੋਟ ਵਿਚ ਇਹ ਕਿਹਾ ਗਿਆ ਹੈ ਕਿ ਭਾਰਤੀ ਅੰਬੈਸੀ ਕਦੇ ਵੀ ਫੋਨ ਕਰਕੇ ਪੈਸੇ ਨਹੀਂ ਮੰਗਦੀ। ਜੇਕਰ ਕਿਸੇ ਨੂੰ ਅਜਿਹੇ ਫੋਨ ਆਉਂਦੇ ਹਨ, ਤਾਂ ਉਹ ਭਾਰਤੀ ਅੰਬੈਸੀ ਨਾਲ ਸਿੱਧਾ ਸੰਪਰਕ ਕਰੇ ਅਤੇ ਇਸ ਬਾਰੇ ਈਮੇਲ ਜਾਂ ਫੋਨ ਰਾਹੀਂ ਇਤਲਾਹ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਵਿਚ ਰਹਿੰਦਾ ਕੋਈ ਵੀ ਭਾਰਤੀ ਆਪਣੀ ਕਿਸੇ ਤਰ੍ਹਾਂ ਦੀ ਵੀ ਇਤਲਾਹ ਕਿਸੇ ਨੂੰ ਵੀ ਫੋਨ ‘ਤੇ ਨਾ ਦੇਵੇ। ਇਹ ਫੋਨ ਆਮ ਤੌਰ ‘ਤੇ 202-939-7000 ਦੇ ਨੰਬਰ ਤੋਂ ਆਉਂਦਾ ਹੈ, ਜੋ ਕਿ ਅੰਬੈਸੀ ਦਾ ਖੁਦ ਦਾ ਨੰਬਰ ਹੈ। ਪਰ ਧੋਖੇਬਾਜ਼ ਲੋਕ ਇਸ ਨੰਬਰ ਨੂੰ ਤਕਨੀਕ ਰਾਹੀਂ ਵਰਤ ਕੇ ਲੋਕਾਂ ਨੂੰ ਗਲਤਫਹਿਮੀਆਂ ਵਿਚ ਪਾ ਰਹੇ ਹਨ।