ਵਾਸ਼ਿੰਗਟਨ, 21 ਜਨਵਰੀ (ਪੰਜਾਬ ਮੇਲ)-ਭਾਰਤੀ ਮੂਲ ਦੇ ਸੰਜੇ ਟੀ ਟੇਲਰ ਨੂੰ ਇਲੀਨੋਇਸ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਉਹ 30 ਜਨਵਰੀ ਨੂੰ ਅਹੁਦਾ ਸੰਭਾਲਣਗੇ। ਉਹ ਭਾਰਤੀ ਮੂਲ ਦੇ ਪਹਿਲੇ ਜੱਜ ਹਨ, ਜਿਨ੍ਹਾਂ ਦੀ ਰਾਜ ਦੀ ਚੋਟੀ ਦੀ ਅਦਾਲਤ ‘ਚ ਨਿਯੁਕਤੀ ਹੋਈ ਹੈ। ਉਹ ਸੇਵਾਮੁਕਤ ਹੋਏ ਜੱਜ ਮੈਰੀ ਜੇਨ ਥੀਸ ਦੀ ਜਗਾ ਲੈਣਗੇ। ਟੇਲਰ ਦੀ ਚੋਣ ਇਲੀਨੋਇਸ ਦੀ ਸੰਵਿਧਾਨਕ ਪ੍ਰਕਿਰਿਆ ਦੁਆਰਾ ਹੋਈ ਹੈ, ਜਿਸ ਤਹਿਤ ਜਦੋਂ ਕੋਈ ਜੱਜ ਆਪਣੇ ਕਾਰਜਕਾਲ ਤੋਂ ਪਹਿਲਾਂ ਸੇਵਾਮੁਕਤ ਹੋ ਜਾਂਦਾ ਹੈ, ਤਾਂ ਉਸ ਦੀ ਜਗਾ ‘ਤੇ ਅੰਤ੍ਰਿਮ ਨਿਯੁਕਤੀ ਕੀਤੀ ਜਾਂਦੀ ਹੈ। ਉਹ 4 ਦਸੰਬਰ 2028 ਤੱਕ ਇਸ ਅਹੁਦੇ ‘ਤੇ ਰਹਿਣਗੇ। ਟੇਲਰ ਦਾ 23 ਸਾਲ ਦਾ ਜੁਡੀਸ਼ੀਅਲ ਕਰੀਅਰ ਹੈ, ਜਿਸ ਦੌਰਾਨ ਉਨਾਂ ਨੇ ਟਰਾਇਲ ਜੱਜ, ਅਪੀਲ ਜੱਜ ਦੇ ਤੌਰ ‘ਤੇ ਸੇਵਾਵਾਂ ਨਿਭਾਈਆਂ ਹਨ। ਉਨਾਂ ਨੇ ਆਪਣਾ ਜੁਡੀਸ਼ੀਅਲ ਕਰੀਅਰ ਅਪ੍ਰੈਲ 2003 ‘ਚ ਕੁੱਕ ਕਾਊਂਟੀ ਸਰਕਟ ਕੋਰਟ ਦੇ ਐਸੋਸੀਏਟ ਜੱਜ ਵਜੋਂ ਸ਼ੁਰੂ ਕੀਤਾ ਸੀ।
ਭਾਰਤੀ-ਅਮਰੀਕੀ ਸੰਜੇ ਟੇਲਰ ਬਣੇ ਇਲੀਨੋਇਸ ਸੁਪਰੀਮ ਕੋਰਟ ਦੇ ਜੱਜ

