#AMERICA

ਭਾਰਤੀ-ਅਮਰੀਕੀ ਡਾਕਟਰ ਰਮੇਸ਼ ਬਾਬੂ ਪਰਮਸ਼ੈੱਟੀ ਦੀ ਗੋਲੀਬਾਰੀ ‘ਚ ਮੌਤ

ਨਿਊਯਾਰਕ, 26 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਸੂਬੇ ਅਲਬਾਮਾ ਦੇ ਸ਼ਹਿਰ ਟਸਕਾਲੂਸਾ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ਵਿਚ ਭਾਰਤੀ ਮੂਲ ਦੇ ਨਾਮੀ ਡਾਕਟਰ ਪਰਮਸ਼ੈੱਟੀ ਰਮੇਸ਼ ਬਾਬੂ (64) ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਰਮੇਸ਼ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ ਦੇ ਨਾਇਡੂਪੇਟ ਮੰਡਲ ਦੇ ਪਿੰਡ ਮੇਨਾਕੁਰੂ ਦੇ ਰਹਿਣ ਵਾਲਾ ਸੀ। ਇਹ ਭਾਰਤੀ ਨਾਮਵਰ ਡਾਕਟਰ ਸਿਹਤ ਦੇ ਖੇਤਰ ਵਿਚ ਪਿਛਲੇ 38 ਸਾਲ ਤੋਂ ਸੀ ਅਤੇ ਉਸ ਦੀ ਪ੍ਰਸਿੱਧੀ ਅਤੇ ਸਿਹਤ ਸੇਵਾਵਾਂ ਨੂੰ ਦੇਖਦੇ ਹੋਏ ਅਲਬਾਮਾ ਰਾਜ ਦੇ ਸ਼ਹਿਰ ਟਸਕਾਲੂਸਾ ਵਿਚ ਇੱਕ ਗਲੀ ਦਾ ਨਾਮ ਉਸ ਦੇ ਨਾਮ ‘ਤੇ ਰੱਖਿਆ ਗਿਆ ਸੀ।
ਭਾਰਤੀ ਮੂਲ ਦੇ ਇਸ ਨਾਮਵਰ ਡਾਕਟਰ ਰਮੇਸ਼ ਬਾਬੂ ਨੂੰ ਕੋਵਿਡ ਦੌਰਾਨ ਉਸ ਦੀਆਂ ਸੇਵਾਵਾਂ ਦੇ ਬਦਲੇ ਪੁਰਸਕਾਰ ਵੀ ਦਿੱਤਾ ਗਿਆ ਸੀ। ਇਹ ਘਟਨਾ ਬੀਤੀ ਸ਼ਾਮ ਅਮਰੀਕਾ ਦੇ ਸ਼ਹਿਰ ਟਸਕਾਲੂਸਾ ‘ਚ ਵਾਪਰੀ, ਜਦੋਂ ਉਹ ਆਪਣੇ ਘਰ ਨੇੜੇ ਇਕ ਕਾਰ ਸ਼ੈੱਡ ਕੋਲ ਖੜ੍ਹਾ ਸੀ। ਡਾਕਟਰ ਰਮੇਸ਼ ਬਾਬੂ, ਜਿੰਨੇ ਅਮਰੀਕਾ ਵਿਚ ਕਈ ਹਸਪਤਾਲਾਂ ਦਾ ਪ੍ਰਬੰਧਨ ਕੀਤਾ ਅਤੇ ਕ੍ਰਿਮਸਨ ਨੈੱਟਵਰਕ ਨਾਮ ਹੇਠ ਕੰਮ ਕਰਨ ਵਾਲੇ ਸਥਾਨਕ ਮੈਡੀਕਲ ਅਫਸਰਾਂ ਦੇ ਇੱਕ ਸਮੂਹ ਦਾ ਵੀ ਸੰਸਥਾਪਕ ਸੀ। ਉਹ ਇਸ ਟੀਮ ਦੇ ਮੈਡੀਕਲ ਡਾਇਰੈਕਟਰ ਵਜੋਂ ਵੀ ਕੰਮ ਕਰ ਰਿਹਾ ਸੀ। ਉਨ੍ਹਾਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਆਪਣੀਆਂ ਵਿਆਪਕ ਸੇਵਾਵਾਂ ਲਈ ਅਮਰੀਕਾ ‘ਚ ਕਈ ਪੁਰਸਕਾਰ ਵੀ ਮਿਲ ਚੁੱਕੇ ਸਨ।
ਡਾ. ਰਮੇਸ਼ ਬਾਬੂ ਪਰਮਸ਼ੈੱਟੀ ਨੇ ਆਂਧਰਾ ਪ੍ਰਦੇਸ਼ ਦੇ ਮੇਨਾਕੁਰੂ ਹਾਈ ਸਕੂਲ ਵਿੱਚ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਅਤੇ ਤਿਰੂਪਤੀ ਐੱਸ.ਵੀ. ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ. ਪੂਰੀ ਕੀਤੀ। ਬਾਅਦ ਵਿਚ ਉਹ ਅਮਰੀਕਾ ਚਲਾ ਗਿਆ ਅਤੇ ਨਿਊਯਾਰਕ ਦੇ ਜਮਾਇਕਾ ਵਿਚ ਆਪਣੀ ਪੀ.ਜੀ. ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਡਾਕਟਰ ਵਜੋਂ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਅਮਰੀਕਾ ਵਿਚ ਚੰਗਾ ਨਾਮ ਕਮਾਇਆ। ਉਸ ਦੀ ਪਤਨੀ ਸ਼੍ਰੀਲਤਾ ਉੱਥੇ ਇੱਕ ਡਾਕਟਰ ਵਜੋਂ ਉਸ ਨਾਲ ਕੰਮ ਕਰ ਰਹੀ ਸੀ। ਇਸ ਜੋੜੇ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਰਮੇਸ਼ ਬਾਬੂ ਦੀ ਮੌਤ ਦੀ ਖ਼ਬਰ ਦੇ ਨਾਲ ਅਮਰੀਕਾ ਅਤੇ ਉਨ੍ਹਾਂ ਦੇ ਪਿੰਡ ਵਿਚ ਗਹਿਰਾ ਸੋਗ ਛਾ ਗਿਆ।