#PUNJAB

ਭਾਰਤ ਵਿਚ ਕਰਾਇਆ ਜਾਵੇਗਾ ਏਸ਼ੀਆ ਗਤਕਾ ਕੱਪ

ਏਸ਼ੀਆ ਗਤਕਾ ਫੈੱਡਰੇਸ਼ਨ ਦੀ ਮੀਟਿੰਗ ‘ਚ ਕੀਤਾ ਫ਼ੈਸਲਾ; ਅੱਧਾ ਦਰਜਨ ਮੁਲਕਾਂ ਦੀਆਂ ਟੀਮਾਂ ਹੋਣਗੀਆਂ ਸ਼ਾਮਲ
ਐੱਸ.ਏ.ਐੱਸ. ਨਗਰ (ਮੁਹਾਲੀ), 25 ਫਰਵਰੀ (ਪੰਜਾਬ ਮੇਲ)- ਭਾਰਤ ਵਿਚ ਚਾਲੂ ਵਰ੍ਹੇ ਦੌਰਾਨ ਏਸ਼ੀਆ ਗਤਕਾ ਕੱਪ ਕਰਵਾਇਆ ਜਾਵੇਗਾ। ਇਹ ਫ਼ੈਸਲਾ ਏਸ਼ੀਆ ਗਤਕਾ ਫੈੱਡਰੇਸ਼ਨ ਦੇ ਪ੍ਰਧਾਨ ਐੱਸ.ਪੀ. ਸਿੰਘ ਓਬਰਾਏ ਦੀ ਪ੍ਰਧਾਨਗੀ ਹੇਠ ਫੈੱਡਰੇਸ਼ਨ ਦੀ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿੱਚ ਕੀਤਾ ਗਿਆ। ਇਸ ਮੌਕੇ ਗਤਕਾ ਫੈੱਡਰੇਸ਼ਨ ਦੇ ਏਸ਼ੀਆ ਦੇ ਜਨਰਲ ਸਕੱਤਰ ਡਾ. ਰਾਜਿੰਦਰ ਸਿੰਘ ਸੋਹਲ, ਡਾ. ਦੇਵਿੰਦਰਜੀਤ ਸਿੰਘ ਸਿੱਧੂ, ਚੰਚਲ ਸਿੰਘ, ਹਰਪ੍ਰੀਤ ਸਿੰਘ ਕਾਲੜਾ ਸਣੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਏਸ਼ੀਆ ਦੇ ਪਾਕਿਸਤਾਨ ਸਣੇ ਕਈ ਹੋਰ ਦੇਸ਼ਾਂ ਵਿਚ ਉੱਥੋਂ ਦੇ ਮੂਲ ਵਾਸੀ ਵੀ ਗਤਕਾ ਖੇਡਦੇ ਹਨ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਮਾਰਸ਼ਲ ਖੇਡ ਗਤਕਾ ਨੂੰ ਏਸ਼ਿਆਈ ਦੇਸ਼ਾਂ ਵਿਚ ਮਕਬੂਲ ਬਣਾਉਣ ਲਈ ਕੀਤਾ ਗਿਆ ਹੈ। ਗਤਕਾ ਫੈੱਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਨੇ ਵੀ ਇਸ ਨੂੰ ਸਮਰਥਨ ਅਤੇ ਸਹਿਯੋਗ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਏਸ਼ੀਆ ਗਤਕਾ ਕੱਪ ਵਿਚ ਛੇ ਤੋਂ ਵੱਧ ਦੇਸ਼ਾਂ ਦੀਆਂ ਟੀਮਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਡਾ. ਸੋਹਲ ਨੇ ਦੱਸਿਆ ਕਿ ਏਸ਼ੀਆ ਕੱਪ ਦੇ ਸਮੇਂ ਅਤੇ ਸਥਾਨ ਬਾਰੇ ਜਲਦੀ ਹੀ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨਾਲ ਤਾਲਮੇਲ ਕਰਨ ਅਤੇ ਉਨ੍ਹਾਂ ਨੂੰ ਵੀਜ਼ਾ ਮੁਹੱਈਆ ਕਰਾਉਣ ਲਈ ਸਬੰਧਤ ਦੇਸ਼ਾਂ ਦੀਆਂ ਅੰਬੈਸੀਆਂ ਤੱਕ ਪਹੁੰਚ ਕਰਨ ਲਈ ਕਮੇਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਟੀਮਾਂ ਦੀ ਰਿਹਾਇਸ਼ ਤੇ ਹੋਰ ਪ੍ਰਬੰਧਾਂ ਬਾਰੇ ਵੀ ਵਿਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਗਤਕਾ ਨੂੰ ਹੁਣ ਖੇਡ ਵਜੋਂ ਮਾਨਤਾ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਬਾਕਾਇਦਾ ਗ੍ਰੇਡੇਸ਼ਨ ਹੋ ਰਹੀ ਹੈ।