#AMERICA

ਭਾਰਤ ਨੂੰ ਧਾਰਾ 370 ਬਹਾਲ ਕਰਨੀ ਪਵੇਗੀ : ਸ਼ਾਹਬਾਜ਼ ਸ਼ਰੀਫ

ਵਾਸ਼ਿੰਗਟਨ, 27 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਅਮਰੀਕਾ ਦੇ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ 79ਵੇਂ ਸੈਸ਼ਨ ਨੂੰ ਸੰਬੋਧਿਤ ਕੀਤਾ। ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਭਾਸ਼ਣ ਵਿਚ ਗਾਜ਼ਾ ਵਿਚ ਇਜ਼ਰਾਈਲੀ ਹਮਲੇ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਰੋਕਣ ਦਾ ਸੱਦਾ ਦਿੱਤਾ ਅਤੇ ਇੱਕ ਵਾਰ ਫਿਰ ਕਸ਼ਮੀਰ ਮੁੱਦਾ ਉਠਾਇਆ। ਸ਼ਰੀਫ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਕਰਨਾ ਚਾਹੀਦਾ ਹੈ, ਜੋ ਅਗਸਤ 2019 ਵਿਚ ਖੋਹ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਕਸ਼ਮੀਰੀਆਂ ਦੇ ਹੱਕ ਖੋਹ ਰਿਹਾ ਹੈ।
ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸ਼ਮੀਰ ਮੁੱਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਏਜੰਡੇ ਵਿੱਚ ਸ਼ਾਮਲ ਹੈ, ਅਜਿਹੀ ਸਥਿਤੀ ਵਿਚ ਭਾਰਤ ਧਾਰਾ 370 ਨੂੰ ਹਟਾਉਣ ਵਰਗਾ ਕਦਮ ਨਹੀਂ ਚੁੱਕ ਸਕਦਾ। ਭਾਰਤ ਕਸ਼ਮੀਰ ਦੇ ਜਨਸੰਖਿਆ ਢਾਂਚੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਇਸ ਖੇਤਰ ਵਿਚ ਗੈਰ-ਸਥਾਨਕ ਲੋਕਾਂ ਨੂੰ ਵਸਾਇਆ ਜਾ ਰਿਹਾ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ, ਇਹ ਬੰਦ ਹੋਣਾ ਚਾਹੀਦਾ ਹੈ।
ਸ਼ਰੀਫ ਨੇ ਇਹ ਵੀ ਕਿਹਾ ਕਿ ਭਾਰਤ ਹਮਲਾਵਰਤਾ ਦਿਖਾ ਰਿਹਾ ਹੈ ਅਤੇ ਇਸ ਨਾਲ ਖੇਤਰੀ ਸ਼ਾਂਤੀ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਕੋਈ ਹਮਲਾਵਰਤਾ ਦਿਖਾਈ, ਤਾਂ ਪਾਕਿਸਤਾਨ ਵੱਲੋਂ ਸਖ਼ਤ ਜਵਾਬ ਦਿੱਤਾ ਜਾਵੇਗਾ। ਸ਼ਰੀਫ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ ਸਕਾਰਾਤਮਕ ਪ੍ਰਸਤਾਵਾਂ ਦਾ ਜਵਾਬ ਨਹੀਂ ਦਿੱਤਾ, ਜੋ ਨਿਰਾਸ਼ਾਜਨਕ ਹੈ।