#INDIA

ਭਾਰਤ ਦੇ ਚੀਫ ਜਸਟਿਸ ਵੱਲੋਂ ‘ਈ-ਫਾਈਲਿੰਗ 2.0’ ਸੇਵਾ ਦੀ ਸ਼ੁਰੂਆਤ

-ਸੁਪਰੀਮ ਕੋਰਟ ‘ਚ ਹੁਣ 24 ਘੰਟੇ ਦਾਖ਼ਲ ਕਰ ਸਕੋਗੇ ਮਾਮਲੇ
ਨਵੀਂ ਦਿੱਲੀ, 13 ਮਈ (ਪੰਜਾਬ ਮੇਲ)- ਭਾਰਤ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਸ਼ੁੱਕਰਵਾਰ ਨੂੰ ‘ਈ-ਫਾਈਲਿੰਗ 2.0’ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਵਕੀਲਾਂ ਨੂੰ ਕਿਹਾ ਕਿ ਇਲੈਕਟ੍ਰਾਨਿਕ ਰੂਪ ‘ਚ ਮਾਮਲੇ ਦਰਜ ਕਰਨ ਦੀ ਸਹੂਲਤ ਹੁਣ 24 ਘੰਟੇ ਮੁਹੱਈਆ ਹੋਵੇਗੀ। ਪੂਰੇ ਦੇਸ਼ ‘ਚ ਈ-ਅਦਾਲਤਾਂ ਅਤੇ ਮਾਮਲਿਆਂ ਦੀ ਈ-ਫਾਈਲਿੰਗ ਦੀ ਵਕਾਲਤ ਕਰ ਰਹੇ ਜਸਟਿਸ ਚੰਦਰਚੂੜ ਨੇ ਸੁਪਰੀਮ ਕੋਰਟ ਕੰਪਲੈਕਸ ‘ਚ ‘ਈ-ਸੇਵਾ ਕੇਂਦਰ’ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਅੱਜ ਸਵੇਰੇ ‘ਈ-ਫਾਈਲਿੰਗ 2.0’ ਦਾ ਉਦਘਾਟਨ ਕੀਤਾ ਹੈ। ਇਹ ਸਹੂਲਤਾਂ ਸਾਰੇ ਵਕੀਲਾਂ ਲਈ 24 ਘੰਟੇ ਮੁਹੱਈਆ ਹੋਣਗੀਆਂ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵਕੀਲਾਂ ਕੋਲ ਇਹ ਸਹੂਲਤਾਂ ਨਹੀਂ ਹਨ ਅਤੇ ਜੋ ਤਕਨਾਲੋਜੀ ਤੋਂ ਜਾਣੂ ਨਹੀਂ ਹਨ, ਉਨ੍ਹਾਂ ਦੀ ਮਦਦ ਲਈ ਦੋ ਸਹੂਲਤ ਕੇਂਦਰ ਸ਼ੁਰੂ ਕੀਤੇ ਗਏ ਹਨ।
ਚੀਫ ਜਸਟਿਸ ਨੇ ਸ਼ੁੱਕਰਵਾਰ ਦੀ ਕਾਰਵਾਈ ਦੀ ਸ਼ੁਰੂਆਤ ‘ਚ ਕਿਹਾ, ”ਮੈਂ ਸਾਰੇ ਵਕੀਲਾਂ ਨੂੰ ਈ-ਫਾਇਲਿੰਗ 2.0 ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।” ਮੌਜੂਦ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਅਤੇ ਹੋਰ ਵਕੀਲਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ।
‘ਈ-ਸੇਵਾ ਕੇਂਦਰ’ ‘ਤੇ ਜਸਟਿਸ ਚੰਦਰਚੂੜ ਨੇ ਕਿਹਾ ਕਿ ਕੋਈ ਵੀ ਵਿਅਕਤੀ ਈ-ਸੇਵਾ ਕੇਂਦਰ ‘ਚ ਨਾ ਸਿਰਫ ਈ-ਫਾਈਲਿੰਗ ਸਾਫਟਵੇਅਰ ਦੇ ਮਾਧਿਅਮ ਨਾਲ ਮਾਮਲਾ ਦਰਜ ਕਰ ਸਕਦਾ ਹੈ, ਸਗੋਂ ਦੇਸ਼ ਭਰ ‘ਚ ਕਿਸੇ ਵੀ ਅਦਾਲਤ ਜਾਂ ਟ੍ਰਿਬਿਊਨਲ ਤੋਂ ਮਾਮਲੇ ਦੀ ਸਥਿਤੀ ਜਾਣਨ ਲਈ ਹੋਰ ਸੇਵਾਵਾਂ ਦਾ ਵੀ ਲਾਭ ਉਠਾ ਸਕਦਾ ਹੈ।

Leave a comment