#AMERICA

ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ‘ਤੇ ਹੋਵੇਗਾ ਵੱਡਾ ਸੌਦਾ!

ਵਾਸ਼ਿੰਗਟਨ ‘ਚ ਗੱਲਬਾਤ ਸ਼ੁਰੂ
ਨਵੀਂ ਦਿੱਲੀ, 3 ਜੁਲਾਈ (ਪੰਜਾਬ ਮੇਲ)-ਭਾਰਤ ਅਤੇ ਅਮਰੀਕਾ ਵਿਚਕਾਰ ਇਕ ਅੰਤਰਿਮ ਵਪਾਰ ਸਮਝੌਤੇ ਨੂੰ ਅਗਲੇ 48 ਘੰਟਿਆਂ ਵਿਚ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਇਸ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ ਵਿਚ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਭਾਰਤ ਦਾ ਵਪਾਰ ਪ੍ਰਤੀਨਿਧੀ ਸਮਝੌਤੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਮਤਭੇਦਾਂ ਨੂੰ ਸੁਲਝਾਉਣ ਲਈ ਕੁਝ ਹੋਰ ਦਿਨ ਵਾਸ਼ਿੰਗਟਨ ਵਿਚ ਰਹੇਗਾ। ਦੋਵੇਂ ਦੇਸ਼ 9 ਜੁਲਾਈ ਤੋਂ ਪਹਿਲਾਂ ਇਕ ਵਪਾਰ ਸਮਝੌਤਾ ਕਰਨਾ ਚਾਹੁੰਦੇ ਹਨ ਕਿਉਂਕਿ ਉਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਵਸਤਾਂ ‘ਤੇ ਉੱਚ ਟੈਰਿਫ ਲਗਾਉਣਾ ਸ਼ੁਰੂ ਕਰ ਦੇਣਗੇ।
ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਭਾਰਤੀ ਖੇਤੀਬਾੜੀ ਅਤੇ ਡੇਅਰੀ ਖੇਤਰਾਂ ਲਈ ਵਧੇਰੇ ਬਾਜ਼ਾਰ ਪਹੁੰਚ ਲਈ ਦਬਾਅ ਪਾ ਰਿਹਾ ਹੈ। ਹਾਲਾਂਕਿ, ਇਹ ਖੇਤਰ ਪੇਂਡੂ ਰੋਜ਼ੀ-ਰੋਟੀ ਅਤੇ ਖੁਰਾਕ ਸੁਰੱਖਿਆ ਚਿੰਤਾਵਾਂ ਕਾਰਨ ਨਵੀਂ ਦਿੱਲੀ ਲਈ ਲੰਮੇ ਸਮੇਂ ਤੋਂ ਇਕ ਲਾਲ ਲਕੀਰ ਰਿਹਾ ਹੈ। ਭਾਰਤ ਲਈ ਇਸ ‘ਤੇ ਸਮਝੌਤਾ ਕਰਨਾ ਬਹੁਤ ਮੁਸ਼ਕਲ ਹੈ।
ਨਿਊਜ਼ ਏਜੰਸੀ ਰਾਇਟਰਜ਼ ਨੇ ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਕਿ ਭਾਰਤ ਦਾ ਵਪਾਰ ਪ੍ਰਤੀਨਿਧੀ ਮੁੱਖ ਖੇਤੀਬਾੜੀ ਅਤੇ ਡੇਅਰੀ ਮੁੱਦਿਆਂ ‘ਤੇ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਉਗਾਈਆਂ ਜਾਣ ਵਾਲੀਆਂ ਜੈਨੇਟਿਕ ਤੌਰ ‘ਤੇ ਸੋਧੀਆਂ ਜਾਂ ਹਾਈਬ੍ਰਿਡ ਮੱਕੀ, ਸੋਇਆਬੀਨ, ਚੌਲ ਅਤੇ ਕਣਕ ‘ਤੇ ਭਾਰਤ ਦੇ ਅੰਦਰ ਟੈਰਿਫ ਘਟਾਉਣਾ ਅਸਵੀਕਾਰਨਯੋਗ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 2 ਅਪ੍ਰੈਲ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਮੁਕਤੀ ਦਿਵਸ’ ਦਾ ਐਲਾਨ ਕੀਤਾ ਸੀ ਅਤੇ ਸਾਰੇ ਦੇਸ਼ਾਂ ‘ਤੇ ਪਰਸਪਰ ਟੈਰਿਫ ਲਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਅਮਰੀਕਾ ਆਉਣ ਵਾਲੀਆਂ ਵਸਤਾਂ ‘ਤੇ 26 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ। ਹਾਲਾਂਕਿ, ਟਰੰਪ ਨੇ ਫਿਰ ਵਪਾਰ ਸਮਝੌਤੇ ‘ਤੇ ਗੱਲਬਾਤ ਕਰਨ ਲਈ ਸਮਾਂ ਦਿੱਤਾ ਅਤੇ ਟੈਰਿਫ ਨੂੰ ਅਸਥਾਈ ਤੌਰ ‘ਤੇ 10 ਫੀਸਦੀ ਤੱਕ ਘਟਾ ਦਿੱਤਾ ਗਿਆ। ਇਸ ਦੌਰਾਨ ਟਰੰਪ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਬਹੁਤ ਜਲਦੀ ਵਪਾਰ ਸਮਝੌਤੇ ਬਾਰੇ ਵੀ ਗੱਲ ਕੀਤੀ ਸੀ।
ਏਅਰ ਫੋਰਸ ਵਨ ‘ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਸੀ ਕਿ ਉਹ ਭਾਰਤ ਨਾਲ ਇਕ ਸਮਝੌਤੇ ‘ਤੇ ਪਹੁੰਚ ਸਕਦੇ ਹਨ, ਜੋ ਦੋਵਾਂ ਦੇਸ਼ਾਂ ਲਈ ਟੈਰਿਫ ਘਟਾਏਗਾ ਅਤੇ ਅਮਰੀਕੀ ਕੰਪਨੀਆਂ ਨੂੰ ਭਾਰਤ ਦੇ 1.4 ਅਰਬ ਖਪਤਕਾਰਾਂ ਦੇ ਬਾਜ਼ਾਰ ਵਿਚ ਮੁਕਾਬਲਾ ਕਰਨ ਵਿਚ ਮਦਦ ਕਰੇਗਾ।