ਨਵੀਂ ਦਿੱਲੀ, 15 ਫਰਵਰੀ (ਪੰਜਾਬ ਮੇਲ)- ਭਾਰਤ ਵਿਚ ਅਪਰਾਧ ਕਰਨ ਤੋਂ ਬਾਅਦ ਅਮਰੀਕਾ ਵਿਚ ਸ਼ਰਨ ਲੈ ਕੇ ਬੈਠੇ ਅਪਰਾਧੀਆਂ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਬਹੁਤ ਚਿੰਤਾ ਪੈਦਾ ਕਰਨ ਵਾਲਾ ਹੈ। ਭਾਰਤ ਵਿਚ ਵੱਖਵਾਦ ਅਤੇ ਖਾਲਿਸਤਾਨ ਨੂੰ ਉਤਸ਼ਾਹਿਤ ਕਰਨ ਵਾਲੇ ਤੱਤਾਂ ਨੂੰ ਅਮਰੀਕਾ ਵਿਚ ਮਿਲੀ ਸ਼ਰਨ ਦੇ ਜਵਾਬ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਬਾਇਡਨ ਦੇ ਸ਼ਾਸਨ ਦੌਰਾਨ ਅਮਰੀਕਾ ਅਤੇ ਭਾਰਤ ਦੇ ਸਬੰਧ ਇੰਨੇ ਚੰਗੇ ਨਹੀਂ ਸਨ, ਇਸੇ ਕਾਰਨ ਅਮਰੀਕਾ ਭਾਰਤ ਨੂੰ ਤੇਲ ਦੀ ਬਰਾਮਦ ਨਹੀਂ ਕਰ ਸਕਿਆ।
ਮੈਨੂੰ ਲਗਦਾ ਹੈ ਕਿ ਬਾਇਡਨ ਦੇ ਰਾਜਕਾਲ ‘ਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹਨ, ਜੋ ਬਿਹਤਰ ਤਰੀਕੇ ਨਾਲ ਹੋ ਸਕਦੀਆਂ ਸਨ। ਅਸੀਂ ਤਹੱਵੁਰ ਰਾਣਾ ਵਰਗੇ ਹਿੰਸਕ ਵਿਅਕਤੀ ਨੂੰ ਭਾਰਤ ਨੂੰ ਸੌਂਪ ਰਹੇ ਹਾਂ। ਅਸੀਂ ਅਪਰਾਧ ਦੇ ਮਾਮਲੇ ਵਿਚ ਭਾਰਤ ਦੇ ਨਾਲ ਮਿਲਕੇ ਕੰਮ ਕਰ ਰਹੇ ਹਾਂ ਅਤੇ ਭਾਰਤ ਵੱਲੋਂ ਅਮਰੀਕਾ ਨੂੰ ਇਸ ਤਰ੍ਹਾਂ ਦੀਆਂ ਕਈ ਹੋਰ ਅਪੀਲਾਂ ਵੀ ਕੀਤੀਆਂ ਗਈਆਂ ਹਨ। ਸਾਡੇ ਲਈ ਭਾਰਤ-ਅਮਰੀਕਾ ਦੇ ਰਿਸ਼ਤੇ ਬਹੁਤ ਅਹਿਮੀਅਤ ਰੱਖਦੇ ਹਨ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਤੋਂ ਉਨ੍ਹਾਂ ਲੋਕਾਂ ਦੀ ਹਵਾਲਗੀ ਤੇਜ਼ੀ ਫੜ ਸਕਦੀ ਹੈ, ਜੋ ਭਾਰਤ ਵਿਚ ਲੋੜੀਂਦੇ ਹਨ। ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਵੀ ਭਾਰਤੀ ਅਧਿਕਾਰੀਆਂ ਨੇ ਅਮਰੀਕਾ ਨਾਲ 12 ਅਜਿਹੇ ਅਪਰਾਧੀਆਂ ਦਾ ਵੇਰਵਾ ਸਾਂਝਾ ਕੀਤਾ ਹੈ, ਜਿਨ੍ਹਾਂ ਦੀ ਭਾਰਤ ਨੂੰ ਜਲਦੀ ਲੋੜ ਹੈ। ਇਸ ਵਿਚ ਅਨਮੋਲ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ। ਟਰੰਪ ਦੇ ਬਿਆਨ ਤੋਂ ਬਾਅਦ ਇਨ੍ਹਾਂ ਵੱਡੇ ਅਪਰਾਧੀਆਂ ਦੀ ਹਵਾਲਗੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਸਕਦੀ ਹੈ।
ਭਾਰਤ ‘ਚ ਅਪਰਾਧ ਕਰਨ ਮਗਰੋਂ ਅਮਰੀਕਾ ਸ਼ਰਨ ਲਈ ਬੈਠੇ ਅਪਰਾਧੀਆਂ ਦੀ ਨਹੀਂ ਖੈਰ : ਟਰੰਪ
