#AMERICA

ਭਾਰਤ-ਅਮਰੀਕਾ ਸਬੰਧਾਂ ਦਾ ਨਵਾਂ ਅਤੇ ਸ਼ਾਨਦਾਰ ਸਫ਼ਰ ਸ਼ੁਰੂ: ਮੋਦੀ

ਵਾਸ਼ਿੰਗਟਨ, 25 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ-ਅਮਰੀਕਾ ਸਬੰਧਾਂ ਦਾ ਇਕ ਨਵਾਂ ਤੇ ਸ਼ਾਨਦਾਰ ਸਫ਼ਰ ਸ਼ੁਰੂ ਹੋ ਗਿਆ ਹੈ ਅਤੇ ਦੁਨੀਆ ਦੋ ਮਹਾਨ ਲੋਕਤੰਤਰਾਂ ਨੂੰ ਆਪਣੇ ਰਿਸ਼ਤੇ ਮਜ਼ਬੂਤ ਕਰਦਿਆਂ ਦੇਖ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਿਸਰ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ-ਅਮਰੀਕਾ ਵਿਚਕਾਰ ਭਾਈਵਾਲੀ ਦੀ ਪੂਰੀ ਸਮਰੱਥਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਅਤੇ ਦੋਵੇਂ ਮੁਲਕਾਂ ਦੇ ਸਬੰਧ 21ਵੀਂ ਸਦੀ ’ਚ ਦੁਨੀਆ ਨੂੰ ਮੁੜ ਤੋਂ ਬਿਹਤਰ ਬਣਾਉਣ ’ਤੇ ਕੇਂਦਰਿਤ ਹਨ। ਉਨ੍ਹਾਂ ਤਕਨਾਲੋਜੀ ਟਰਾਂਸਫਰ, ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਅਤੇ ਸਨਅਤੀ ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣ ਲਈ ਹੋਏ ਸਮਝੌਤਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਲਮੀ ਮੁੱਦਿਆਂ ’ਤੇ ਦੋਵੇਂ ਮੁਲਕਾਂ ਦੇ ਰਵੱਈਏ ’ਚ ਸਮਾਨਤਾ ਦਿਖੀ ਹੈ ਅਤੇ ਉਨ੍ਹਾਂ ਦੇ ਵਧਦੇ ਸਬੰਧ ‘ਮੇਕ ਇਨ ਇੰਡੀਆ ਅਤੇ ਮੇਕ ਫਾਰ ਦਿ ਵਰਲਡ’ ਨਾਲ ਜੁੜੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦੇਣਗੇ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ ਤਾਂ ਅਮਰੀਕਾ ਆਧੁਨਿਕ ਲੋਕਤੰਤਰ ਦਾ ਚੈਂਪੀਅਨ ਹੈ ਅਤੇ ਦੁਨੀਆ ਇਨ੍ਹਾਂ ਦੋਵੇਂ ਮਹਾਨ ਲੋਕਤੰਤਰਾਂ ਵਿਚਕਾਰ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਹੁੰਦਾ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਢੁੱਕਵਾਂ ਸਮਾਂ ਹੈ। ਦੋਵੇਂ ਮੁਲਕ ਬਿਹਤਰ ਭਵਿੱਖ ਲਈ ਮਜ਼ਬੂਤ ਕਦਮ ਚੁੱਕ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਭਾਰਤੀ ਮੂਲ ਦੇ ਲੋਕਾਂ ਨੂੰ ਐੱਚ-1ਬੀ ਵੀਜ਼ੇ ਦੇ ਨਵੀਨੀਕਰਨ ਲਈ ਅਮਰੀਕਾ ਨਹੀਂ ਛੱਡਣਾ ਪਵੇਗਾ। ਹਾਲ ਅੰਦਰ ਅਤੇ ਬਾਹਰ ਮੌਜੂਦ ਪਰਵਾਸੀ ਭਾਰਤੀਆਂ ਨੇ ਇਸ ਐਲਾਨ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਸਿਆਟਲ ’ਚ ਇਕ ਅਤੇ ਦੋ ਹੋਰ ਅਮਰੀਕੀ ਸ਼ਹਿਰਾਂ ’ਚ ਦੋ ਨਵੇਂ ਕੌਂਸੁਲੇਟ ਖੋਲ੍ਹੇਗਾ। ਉਨ੍ਹਾਂ ਦੱਸਿਆ ਕਿ ਅਮਰੀਕਾ ਵੀ ਅਹਿਮਦਾਬਾਦ ਅਤੇ ਬੰਗਲੂਰੂ ’ਚ ਨਵੇਂ ਕੌਂਸੁਲੇਟ ਖੋਲ੍ਹ ਰਿਹਾ ਹੈ। ਅਮਰੀਕੀ ਦੌਰੇ ਦੀ ਸਮਾਪਤੀ ’ਤੇ ਮੋਦੀ ਨੇ ਟਵੀਟ ਕੀਤਾ,‘‘ਅਮਰੀਕਾ ਦੀ ਇਕ ਬਹੁਤ ਹੀ ਵਿਸ਼ੇਸ਼ ਯਾਤਰਾ ਦਾ ਸਮਾਪਨ ਕਰ ਰਿਹਾ ਹਾਂ ਜਿਸ ਦੌਰਾਨ ਮੈਨੂੰ ਭਾਰਤ-ਅਮਰੀਕਾ ਵਿਚਕਾਰ ਦੋਸਤੀ ਨੂੰ ਰਫ਼ਤਾਰ ਦੇਣ ਦੇ ਉਦੇਸ਼ ਨਾਲ ਵੱਖ ਵੱਖ ਪ੍ਰੋਗਰਾਮਾਂ ਅਤੇ ਸੰਵਾਦ ਸੈਸ਼ਨਾਂ ’ਚ ਹਿੱਸਾ ਲੈਣ ਦਾ ਮੌਕਾ ਮਿਲਿਆ। ਦੋਵੇਂ ਮੁਲਕ ਪ੍ਰਿਥਵੀ ਨੂੰ ਆਉਣ ਵਾਲੀਆਂ ਪੀੜੀਆਂ ਲਈ ਇਕ ਬਿਹਤਰ ਸਥਾਨ ਬਣਾਉਣ ਵਾਸਤੇ ਰਲ ਕੇ ਕੰਮ ਕਰਨਾ ਜਾਰੀ ਰਖਣਗੇ।’’ ਆਪਣੇ ਭਾਸ਼ਨ ਦੌਰਾਨ ਮੋਦੀ ਨੇ ਬਾਇਡਨ ਦੇ ਸੋਹਲੇ ਵੀ ਗਾਏ। ਉਨ੍ਹਾਂ ਦੋਵੇਂ ਮੁਲਕਾਂ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਬਾਇਡਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ। ‘ਮੋਦੀ-ਮੋਦੀ’ ਦੇ ਨਾਅਰਿਆਂ ਦਰਮਿਆਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਕੜੇ ਵਰ੍ਹਿਆਂ ਦੀ ਗੁਲਾਮੀ ਨੇ ਦੇਸ਼ ਦਾ ਆਤਮ-ਵਿਸ਼ਵਾਸ ਖੋਹ ਲਿਆ ਸੀ ਪਰ ਨਵੇਂ ਭਾਰਤ ਨੇ ਅੱਜ ਆਪਣਾ ਆਤਮ-ਵਿਸ਼ਵਾਸ ਹਾਸਲ ਕਰ ਲਿਆ ਹੈ।

Leave a comment