#INDIA

ਬੰਗਲੁਰੂ ਭਗਦੜ ਸਬੰਧੀ ਆਰ.ਸੀ.ਬੀ. ਤੇ ਇਵੈਂਟ ਮੈਨੇਜਮੈਂਟ ਫਰਮ ਦੇ ਅਧਿਕਾਰੀ ਗ੍ਰਿਫਤਾਰ

ਕੇ.ਐੱਸ.ਸੀ.ਏ. ਦੇ ਅਹੁਦੇਦਾਰਾਂ ਨੇ ਆਪਣੇ ਖ਼ਿਲਾਫ਼ ਦਰਜ ਐੱਫ.ਆਈ.ਆਰ. ਰੱਦ ਕਰਾਉਣ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ
ਬੰਗਲੁਰੂ, 6 ਜੂਨ (ਪੰਜਾਬ ਮੇਲ)- ਪੁਲਿਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹੋਈ ਭਗਦੜ ਦੇ ਸਬੰਧ ਵਿਚ ਰਾਇਲ ਚੈਲੇਂਜਰਜ਼ ਬੰਗਲੂਰੂ (ਆਰ.ਸੀ.ਬੀ.) ਅਤੇ ਇਵੈਂਟ ਮੈਨੇਜਮੈਂਟ ਫਰਮ ਡੀ.ਐੱਨ.ਏ. ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਚਾਰ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕ੍ਰਾਈਮ ਬ੍ਰਾਂਚ ਅਤੇ ਬੰਗਲੁਰੂ ਪੁਲਿਸ ਵੱਲੋਂ ਇੱਕ ਸਾਂਝੇ ਅਪ੍ਰੇਸ਼ਨ ਵਿਚ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਬੰਗਲੁਰੂ ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਪੁਸ਼ਟੀ ਕੀਤੀ ਕਿ ਭਗਦੜ ਮਾਮਲੇ ਵਿਚ ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ, ”ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਸਾਡੀਆਂ ਟੀਮਾਂ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀਆਂ ਹਨ ਅਤੇ ਅੰਤ ਵਿਚ ਮਾਮਲਾ ਸੀ.ਆਈ.ਡੀ. ਕੋਲ ਜਾ ਸਕਦਾ ਹੈ। ਇਸ ਲਈ ਸੀ.ਆਈ.ਡੀ. ਕੋਲ ਜਾਣ ਤੋਂ ਪਹਿਲਾਂ, ਸਾਡੀ ਟੀਮ ਦੁਆਰਾ ਜੋ ਵੀ ਕਾਨੂੰਨੀ ਰਸਮਾਂ ਤੇ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ, ਉਹ ਉਹ ਕਰ ਰਹੀਆਂ ਹਨ।”
ਸੂਤਰਾਂ ਨੇ ਦੱਸਿਆ ਕਿ ਆਰ.ਸੀ.ਬੀ. ਦੇ ਮਾਰਕੀਟਿੰਗ ਅਤੇ ਮਾਲੀਆ ਮੁਖੀ ਨਿਖਿਲ ਸੋਸਾਲੇ, ਡੀ.ਐੱਨ.ਏ. ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਤੋਂ ਸੁਨੀਲ ਮੈਥਿਊ ਅਤੇ ਕਿਰਨ ਕੁਮਾਰ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁੱਛਗਿੱਛ ਲਈ ਕਬਨ ਪਾਰਕ ਪੁਲਿਸ ਸਟੇਸ਼ਨ ਲਿਆਂਦਾ ਗਿਆ, ਉਨ੍ਹਾਂ ਕਿਹਾ ਕਿ ਡਾਕਟਰੀ ਜਾਂਚ ਤੋਂ ਬਾਅਦ ਅੱਗੇ ਦੀ ਪ੍ਰਕਿਰਿਆ ਅਪਣਾਈ ਜਾਵੇਗੀ।
ਪੁਲਿਸ ਕਾਰਵਾਈ ਵੀਰਵਾਰ ਨੂੰ ਆਰਸੀਬੀ, ਈਵੈਂਟ ਮੈਨੇਜਮੈਂਟ ਫਰਮ ਡੀਐਨਏ ਅਤੇ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇ.ਐੱਸ.ਸੀ.ਏ.) ਵਿਰੁੱਧ ਦਰਜ ਕੀਤੀ ਗਈ ਐੱਫ.ਆਈ.ਆਰ. ਤੋਂ ਬਾਅਦ ਹੋਈ। ਭਗਦੜ ਬੁੱਧਵਾਰ ਸ਼ਾਮ ਨੂੰ ਸਟੇਡੀਅਮ ਦੇ ਸਾਹਮਣੇ ਹੋਈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਆਰਸੀਬੀ ਟੀਮ ਦੇ ਆਈਪੀਐਲ ਜਿੱਤ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਸਨ। ਇਸ ਕਾਰਨ 11 ਜਾਨਾਂ ਜਾਂਦੀਆਂ ਰਹੀਆਂ ਸਨ।
ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇ.ਐੱਸ.ਸੀ.ਏ.) ਦੇ ਪ੍ਰਧਾਨ ਰਘੂ ਰਾਮ ਭੱਟ ਅਤੇ ਕੁਝ ਹੋਰ ਅਹੁਦੇਦਾਰਾਂ ਨੇ ਸ਼ੁੱਕਰਵਾਰ ਨੂੰ ਕਰਨਾਟਕ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਚਿੰਨਾਸਵਾਮੀ ਸਟੇਡੀਅਮ ਭਗਦੜ ਮਾਮਲੇ ਵਿਚ ਉਨ੍ਹਾਂ ਵਿਰੁੱਧ ਦਰਜ ਐੱਫ.ਆਈ.ਆਰ. ਰੱਦ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ ਵੀਰਵਾਰ ਨੂੰ ਆਰ.ਸੀ.ਬੀ., ਇਵੈਂਟ ਮੈਨੇਜਮੈਂਟ ਫਰਮ ਡੀ.ਐੱਨ.ਏ. ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਅਤੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇ.ਐੱਸ.ਸੀ.ਏ.) ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਵੀ ਵੀਰਵਾਰ ਨੂੰ ਰਾਜ ਦੇ ਡੀ.ਜੀ.ਪੀ. ਅਤੇ ਆਈ.ਜੀ.ਪੀ. ਨੂੰ ਭਗਦੜ ਦੇ ਸਬੰਧ ਵਿਚ ਆਰ.ਸੀ.ਬੀ., ਡੀ.ਐੱਨ.ਏ. ਐਂਟਰਟੇਨਮੈਂਟ ਅਤੇ ਕੇ.ਐੱਸ.ਸੀ.ਏ. ਦੇ ਪ੍ਰਤੀਨਿਧੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੱਤੇ ਸਨ, ਕਿਉਂਕਿ ਪਹਿਲੀ ਨਜ਼ਰੇ ਉਨ੍ਹਾਂ ਵੱਲੋਂ ”ਗੈਰ-ਜ਼ਿੰਮੇਵਾਰੀ” ਅਤੇ ”ਲਾਪ੍ਰਵਾਹੀ” ਦਿਖਾਈ ਦੇ ਰਹੀ ਹੈ।