#OTHERS

ਬੰਗਲਾਦੇਸ਼ ‘ਚ ਭਾਰਤੀ ਵੀਜ਼ਾ ਕੇਂਦਰਾਂ ਨੇ ਮੈਡੀਕਲ ਤੇ ਵਿਦਿਆਰਥੀ ਵੀਜ਼ਾ ਲਈ ਸਲਾਟ ਖੋਲ੍ਹੇ

ਢਾਕਾ, 3 ਸਤੰਬਰ (ਪੰਜਾਬ ਮੇਲ)-  ਬੰਗਲਾਦੇਸ਼ ਦੇ ਅਹਿਮ ਸ਼ਹਿਰਾਂ ‘ਚ ਵੀਜ਼ਾ ਅਰਜ਼ੀ ਕੇਂਦਰਾਂ ਨੇ ਤੁਰੰਤ ਮੈਡੀਕਲ ਤੇ ਵਿਦਿਆਰਥੀ ਵੀਜ਼ਾ ਦੀ ਲੋੜ ਵਾਲੇ ਬੰਗਲਾਦੇਸ਼ੀ ਨਾਗਰਿਕਾਂ ਲਈ ਸੀਮਤ ਸਲਾਟ ਦੀ ਪੇਸ਼ਕਸ਼ ਕੀਤੀ ਹੈ। ਇਹ ਸੇਵਾਵਾਂ ਢਾਕਾ, ਚਟਗਾਓਂ, ਰਾਜਸ਼ਾਹੀ, ਸਿਲਹਟ ਤੇ ਖੁਲਨਾ ‘ਚ ਦਿੱਤੀਆਂ ਜਾ ਰਹੀਆਂ ਹਨ। ਬੰਗਲਾਦੇਸ਼ ‘ਚ ਭਾਰਤੀ ਵੀਜ਼ਾ ਅਰਜ਼ੀ ਕੇਂਦਰ (ਆਈ.ਵੀ.ਏ.ਸੀ.) ਨੇ ਬਿਆਨ ‘ਚ ਕਿਹਾ, ‘ਇਸ ਤੋਂ ਇਲਾਵਾ ਇਨ੍ਹਾਂ ਪੰਜ ਕੇਂਦਰਾਂ ‘ਚ ਉਨ੍ਹਾਂ ਅਤਿ-ਜ਼ਰੂਰੀ ਮਾਮਲਿਆਂ ਲਈ ਸੀਮਤ ਅਰਜ਼ੀ ਸਲਾਟ ਵੀ ਖੋਲ੍ਹੇ ਗਏ ਹਨ, ਜਿੱਥੇ ਬੰਗਲਾਦੇਸ਼ੀ ਵਿਦਿਆਰਥੀਆਂ ਤੇ ਕਿਰਤੀਆਂ ਨੂੰ ਤੀਜੇ ਦੇਸ਼ ਦੀ ਯਾਤਰਾ ਦੀ ਲੋੜ ਹੁੰਦੀ ਹੈ ਅਤੇ ਜਿਨ੍ਹਾਂ ਲਈ ਉਨ੍ਹਾਂ ਪਹਿਲਾਂ ਤੋਂ ਹੀ ਭਾਰਤ ‘ਚ ਵਿਦੇਸ਼ੀ ਦੂਤਾਵਾਸਾਂ ਕੋਲ ਵੀਜ਼ਾ ਲਈ ਸਮਾਂ ਲੈ ਰੱਖਿਆ ਹੈ।’ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਸੇਵਾਵਾਂ ਉਦੋਂ ਤੱਕ ਹੀ ਸੀਮਤ ਰਹਿਣਗੀਆਂ, ਜਦੋਂ ਤੱਕ ਕਿ ਆਈ.ਵੀ.ਏ.ਸੀ. ਆਪਣਾ ਕੰਮਕਾਰ ਸਾਧਾਰਨ ਢੰਗ ਨਾਲ ਮੁੜ ਤੋਂ ਸ਼ੁਰੂ ਨਹੀਂ ਕਰ ਦਿੰਦਾ।