ਢਾਕਾ, 2 ਦਸੰਬਰ (ਪੰਜਾਬ ਮੇਲ)- ਬੰਗਲਾਦੇਸ਼ ਵਿਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਕੱਲੇ ਨਵੰਬਰ ਮਹੀਨੇ ਕਰੀਬ 30,000 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 173 ਲੋਕਾਂ ਦੀ ਮੌਤ ਹੋ ਗਈ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਚ.ਐੱਸ.) ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਕੁੱਲ ਮਾਮਲਿਆਂ ਵਿਚੋਂ 29,652 ਮਾਮਲੇ ਨਵੰਬਰ ਵਿਚ ਦਰਜ ਕੀਤੇ ਗਏ।
ਪਿਛਲੇ 24 ਘੰਟਿਆਂ ਵਿਚ ਡੇਂਗੂ ਬੁਖਾਰ ਦੇ 882 ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੰਗਲਾਦੇਸ਼ ਵਿਚ ਇਸ ਸਾਲ ਜਨਵਰੀ ਤੋਂ ਹੁਣ ਤੱਕ ਡੇਂਗੂ ਦੇ ਮਾਮਲਿਆਂ ਦੀ ਗਿਣਤੀ 92,351 ਤੱਕ ਪਹੁੰਚ ਗਈ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਚ.ਐੱਸ.) ਨੇ ਕਿਹਾ ਕਿ ਐਤਵਾਰ ਸਵੇਰ ਤੱਕ ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਵਿਚ ਡੇਂਗੂ ਨਾਲ ਸਬੰਧਤ 6 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 494 ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਡੇਂਗੂ ਬੁਖਾਰ ਇੱਕ ਵਾਇਰਲ ਬਿਮਾਰੀ ਹੈ, ਜੋ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਇਸ ਦੇ ਲੱਛਣਾਂ ਵਿਚ ਸਿਰਦਰਦ, ਤੇਜ਼ ਬੁਖਾਰ, ਥਕਾਵਟ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਤੇਜ਼ ਦਰਦ, ਗ੍ਰੰਥੀਆਂ ਵਿਚ ਸੋਜ, ਉਲਟੀਆਂ ਅਤੇ ਧੱਫੜ ਸ਼ਾਮਲ ਹਨ।