ਢਾਕਾ, 7 ਜਨਵਰੀ (ਪੰਜਾਬ ਮੇਲ)- ਬੰਗਲਾਦੇਸ਼ ਦੀ ਅਦਾਲਤ ਨੇ ਅਹੁਦੇ ਤੋਂ ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 285 ਹੋਰਾਂ ਵਿਰੁੱਧ ਦੇਸ਼ਧ੍ਰੋਹ ਦੇ ਮਾਮਲੇ ਵਿਚ ਦੋਸ਼ ਤੈਅ ਕਰਨ ਲਈ 21 ਜਨਵਰੀ ਦੀ ਤਰੀਕ ਤੈਅ ਕੀਤੀ ਹੈ। ਰਿਪੋਰਟ ਅਨੁਸਾਰ, ਇਹ ਮਾਮਲਾ ਉਨ੍ਹਾਂ ਦੋਸ਼ਾਂ ਨਾਲ ਸਬੰਧਤ ਹੈ ਕਿ ਹਸੀਨਾ ਅਤੇ ਆਵਾਮੀ ਲੀਗ ਦੇ ਸੈਂਕੜੇ ਮੈਂਬਰਾਂ ਨੇ ਦਸੰਬਰ 2024 ਵਿਚ ‘ਜੁਆਏ ਬੰਗਲਾ ਬ੍ਰਿਗੇਡ’ ਨਾਮ ਦੇ ਸਮੂਹ ਦੀ ਵਰਚੁਅਲ ਮੀਟਿੰਗ ਵਿਚ ਹਿੱਸਾ ਲਿਆ ਸੀ। ਦੋਸ਼ ਹੈ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤ੍ਰਿਮ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਘੜੀ ਸੀ। ਇਹ ਸਮੂਹ ਆਵਾਮੀ ਲੀਗ ਅਤੇ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੀ ਵਿਰਾਸਤ ਦਾ ਕੱਟੜ ਸਮਰਥਕ ਹੈ। ਰਿਪੋਰਟ ਮੁਤਾਬਕ, ਸੁਣਵਾਈ ਤੋਂ ਬਾਅਦ ਢਾਕਾ ਦੀ ਵਿਸ਼ੇਸ਼ ਜੱਜ ਅਦਾਲਤ-9 ਦੇ ਜੱਜ ਅਬਦੁਸ ਸਲਾਮ ਨੇ ਹਸੀਨਾ ਅਤੇ 285 ਹੋਰਾਂ ਵਿਰੁੱਧ ਦੋਸ਼ ਤੈਅ ਕਰਨ ਲਈ 21 ਜਨਵਰੀ ਨਿਸ਼ਚਿਤ ਕੀਤੀ ਹੈ।
ਬੰਗਲਾਦੇਸ਼ ਅਦਾਲਤ ਵੱਲੋਂ ਸ਼ੇਖ ਹਸੀਨਾ ਵਿਰੁੱਧ ਦੋਸ਼ ਤੈਅ ਕਰਨ ਲਈ 21 ਜਨਵਰੀ ਤੈਅ

