#INDIA

ਬ੍ਰਿਟਿਸ਼ ਸਰਕਾਰ ਜਲਦੀ ਹੀ ਮਾਲਿਆ-ਨੀਰਵ ਮੋਦੀ ਦੀ ਹਵਾਲਗੀ ਨੂੰ ਦੇ ਸਕਦੀ ਹੈ ਮਨਜ਼ੂਰੀ!

-ਬ੍ਰਿਟੇਨ ਦੀ ਸੀ.ਪੀ.ਐੱਸ. ਦੇ ਇੱਕ ਵਫ਼ਦ ਨੇ ਨਵੀਂ ਦਿੱਲੀ ‘ਚ ਤਿਹਾੜ ਜੇਲ੍ਹ ਦਾ ਕੀਤਾ ਨਿਰੀਖਣ
ਨਵੀਂ ਦਿੱਲੀ, 6 ਸਤੰਬਰ (ਪੰਜਾਬ ਮੇਲ)- ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਭਗੌੜੇ ਕਾਰੋਬਾਰੀਆਂ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰਿਪੋਰਟ ਅਨੁਸਾਰ, ਬ੍ਰਿਟੇਨ ਦੀ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ.ਪੀ.ਐੱਸ.) ਦੇ ਇੱਕ ਵਫ਼ਦ ਨੇ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਤਿਹਾੜ ਜੇਲ੍ਹ ਦਾ ਨਿਰੀਖਣ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਸਰਕਾਰ ਜਲਦੀ ਹੀ ਇਨ੍ਹਾਂ ਦੋਵਾਂ ਕਾਰੋਬਾਰੀਆਂ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਸਕਦੀ ਹੈ।
ਮਾਮਲੇ ਤੋਂ ਜਾਣੂ ਲੋਕਾਂ ਦੇ ਅਨੁਸਾਰ, ਸੀ.ਪੀ.ਐੱਸ. ਟੀਮ ਨੇ ਤਿਹਾੜ ਦੇ ਉੱਚ-ਸੁਰੱਖਿਆ ਵਾਰਡ ਦਾ ਦੌਰਾ ਕੀਤਾ ਅਤੇ ਕੈਦੀਆਂ ਨਾਲ ਗੱਲਬਾਤ ਕੀਤੀ। ਭਾਰਤੀ ਅਧਿਕਾਰੀਆਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਭਾਰਤ ਲਿਆਂਦੇ ਗਏ ਅੰਤਰਰਾਸ਼ਟਰੀ ਭਗੌੜਿਆਂ ਨੂੰ ਸੁਰੱਖਿਅਤ ਹਾਲਤਾਂ ਵਿਚ ਰੱਖਿਆ ਜਾਵੇਗਾ ਅਤੇ ਜੇਕਰ ਲੋੜ ਪਈ, ਤਾਂ ਜੇਲ੍ਹ ਦੇ ਅੰਦਰ ਹਾਈ-ਪ੍ਰੋਫਾਈਲ ਕੈਦੀਆਂ ਲਈ ਇੱਕ ਵਿਸ਼ੇਸ਼ ‘ਐਨਕਲੇਵ’ ਬਣਾਇਆ ਜਾ ਸਕਦਾ ਹੈ।
ਇਹ ਨਿਰੀਖਣ ਬ੍ਰਿਟਿਸ਼ ਅਦਾਲਤਾਂ ਦੁਆਰਾ ਪਿਛਲੇ ਸਮੇਂ ਵਿਚ ਉਠਾਏ ਗਏ ਵਾਰ-ਵਾਰ ਇਤਰਾਜ਼ਾਂ ਦੇ ਪਿਛੋਕੜ ਵਿਚ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਜੇਲ੍ਹ ਦੀਆਂ ਸਥਿਤੀਆਂ ਦਾ ਹਵਾਲਾ ਦਿੰਦੇ ਹੋਏ ਭਾਰਤ ਦੀਆਂ ਹਵਾਲਗੀ ਬੇਨਤੀਆਂ ਨੂੰ ਰੱਦ ਕਰ ਦਿੱਤਾ ਸੀ। ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਨ ਲਈ, ਭਾਰਤ ਨੇ ਗਰੰਟੀ ਦਿੱਤੀ ਹੈ ਕਿ ਹਿਰਾਸਤ ਵਿਚ ਕਿਸੇ ਵੀ ਦੋਸ਼ੀ ਤੋਂ ਗੈਰ-ਕਾਨੂੰਨੀ ਪੁੱਛਗਿੱਛ ਨਹੀਂ ਕੀਤੀ ਜਾਵੇਗੀ। ਵਰਤਮਾਨ ਵਿਚ, ਭਾਰਤ ਕੋਲ ਵਿਦੇਸ਼ਾਂ ਵਿਚ 178 ਹਵਾਲਗੀ ਬੇਨਤੀਆਂ ਲੰਬਿਤ ਹਨ, ਜਿਨ੍ਹਾਂ ਵਿਚੋਂ ਲਗਭਗ 20 ਯੂਨਾਈਟਿਡ ਕਿੰਗਡਮ ਕੋਲ ਹਨ। ਇਨ੍ਹਾਂ ਵਿਚ ਹਥਿਆਰ ਡੀਲਰਾਂ ਅਤੇ ਖਾਲਿਸਤਾਨੀ ਸਮੂਹਾਂ ਨਾਲ ਜੁੜੇ ਵਿਅਕਤੀਆਂ ਦੇ ਮਾਮਲੇ ਸ਼ਾਮਲ ਹਨ।
ਸਭ ਤੋਂ ਵੱਧ ਹਾਈ ਪ੍ਰੋਫਾਈਲ ਮਾਮਲਿਆਂ ਵਿਚ ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਸ਼ਾਮਲ ਹਨ, ਜਿਸ ‘ਤੇ 9,000 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ੇ ਨਾ ਮੋੜਨ ਦਾ ਦੋਸ਼ ਹੈ, ਅਤੇ ਹੀਰਾ ਵਪਾਰੀ ਨੀਰਵ ਮੋਦੀ, ਜੋ ਕਿ 13,800 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਦਾ ਮੁੱਖ ਦੋਸ਼ੀ ਹੈ। ਮਾਰਚ 2019 ਵਿਚ ਲੰਡਨ ਵਿਚ ਗ੍ਰਿਫ਼ਤਾਰ ਕੀਤੇ ਗਏ ਮੋਦੀ ਨੂੰ ਯੂ.ਕੇ. ਹਾਈ ਕੋਰਟ ਨੇ ਪਹਿਲਾਂ ਹੀ ਹਵਾਲਗੀ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਉਹ ਅਜੇ ਵੀ ਹਿਰਾਸਤ ਵਿਚ ਹੈ।