ਵੈਨਕੂਵਰ, 4 ਮਾਰਚ (ਪੰਜਾਬ ਮੇਲ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਪਿਛਲੇ 70 ਤੋਂ ਵੱਧ ਸਮੇਂ ਤੋਂ ਚੱਲ ਰਹੀ ਘੜੀਆਂ ਨੂੰ ਹਰ ਸਾਲ ਬਸੰਤ ਅਤੇ ਪਤਝੜ ਦੇ ਮੌਸਮ ਵਿਚ ਇੱਕ ਘੰਟਾ ਅੱਗੇ-ਪਿੱਛੇ ਕਰਨ ਦੀ ਪ੍ਰੰਪਰਾ ਹੁਣ ਖਤਮ ਹੋਣ ਜਾ ਰਹੀ ਹੈ। ਇਸ ਐਤਵਾਰ ਤੋਂ ਬਾਅਦ ਇਹ ਰਵਾਇਤ ਇਤਿਹਾਸ ਬਣ ਜਾਵੇਗੀ ਅਤੇ ਸੂਬਾ ਸਾਲ ਭਰ ਲਈ ਇੱਕੋ ਸਮਾਂ ਪ੍ਰਣਾਲੀ ਅਪਣਾਏਗਾ।
ਸੂਬੇ ਦੇ ਵੱਡੇ ਹਿੱਸੇ ਵਿਚ ਦਹਾਕਿਆਂ ਤੋਂ ਲੋਕ ਦਿਨ ਦੀ ਵਧੀਕ ਰੌਸ਼ਨੀ ਦੇ ਲਾਭ ਲਈ ਬਸੰਤ ਵਿਚ ਘੜੀਆਂ ਇੱਕ ਘੰਟਾ ਅੱਗੇ ਕਰਦੇ ਅਤੇ ਪਤਝੜ ਵਿਚ ਇੱਕ ਘੰਟਾ ਪਿੱਛੇ ਕਰਦੇ ਆ ਰਹੇ ਸਨ। ਪਰ ਹੁਣ ਸਰਕਾਰ ਨੇ ਇਹ ਦੋਹਰਾ ਬਦਲਾਅ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਇਸ ਸਬੰਧੀ 1993 ‘ਚ ਸੁਬਾਈ ਸਰਕਾਰ ਵੱਲੋਂ ਕਰਵਾਈ ਇੱਕ ਰਾਇਸ਼ਮਾਰੀ ਮੁਤਾਬਕ ਬਹੁ ਗਿਣਤੀ ਲੋਕਾਂ ਨੇ ਸਾਲ ਭਰ ਇੱਕੋ ਸਮਾਂ ਰੱਖਣ ਦੇ ਹੱਕ ਵਿਚ ਰਾਏ ਦਿੱਤੀ ਸੀ। ਕਈ ਵਪਾਰਕ ਸੰਸਥਾਵਾਂ ਅਤੇ ਆਮ ਨਾਗਰਿਕਾਂ ਦਾ ਮੰਨਣਾ ਸੀ ਕਿ ਵਾਰ-ਵਾਰ ਸਮਾਂ ਬਦਲਣ ਨਾਲ ਰੋਜ਼ਾਨਾ ਦੇ ਰੁਝੇਵਿਆਂ, ਸਿਹਤ ਅਤੇ ਕਾਰੋਬਾਰ ‘ਤੇ ਅਸਰ ਪੈਂਦਾ ਹੈ।
ਸਮਾਂ ਬਦਲਾਅ ਦੀ ਇਹ ਪ੍ਰੰਪਰਾ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅਤੇ ਉਸ ਤੋਂ ਬਾਅਦ ਉੱਤਰੀ ਅਮਰੀਕਾ ਦੇ ਕਈ ਖਿੱਤਿਆਂ ਵਿਚ ਸ਼ੁਰੂ ਹੋਈ ਸੀ। ਮਕਸਦ ਬਿਜਲੀ ਦੀ ਬਚਤ ਅਤੇ ਦਿਨ ਦੀ ਰੌਸ਼ਨੀ ਦਾ ਵੱਧ ਤੋਂ ਵੱਧ ਲਾਭ ਲੈਣਾ ਸੀ। ਹਾਲਾਂਕਿ ਸਮੇਂ ਦੇ ਨਾਲ ਇਸ ਦੀ ਲੋੜ ਅਤੇ ਪ੍ਰਭਾਵਸ਼ੀਲਤਾ ‘ਤੇ ਸਵਾਲ ਉੱਠਦੇ ਰਹੇ।
ਹੁਣ ਬ੍ਰਿਟਿਸ਼ ਕੋਲੰਬੀਆ ਵਿਚ ਸਮਾਂ ਬਦਲਣ ਦੀ ਇਹ ਰਵਾਇਤ ਖਤਮ ਕਰਕੇ ਸਾਲ ਭਰ ਲਈ ਪ੍ਰਸ਼ਾਂਤ ਸਮਾਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਹਰ ਛੇ ਮਹੀਨੇ ਬਾਅਦ ਘੜੀਆਂ ਸੈੱਟ ਕਰਨ ਦੀ ਝੰਜਟ ਤੋਂ ਮੁਕਤੀ ਮਿਲੇਗੀ।
ਬ੍ਰਿਟਿਸ਼ ਕੋਲੰਬੀਆ ‘ਚ ਘੜੀਆਂ ਅੱਗੇ-ਪਿੱਛੇ ਕਰਨ ਦੀ ਪ੍ਰੰਪਰਾ ਖਤਮ!

