ਟੋਰਾਂਟੋ, 26 ਜੂਨ (ਪੰਜਾਬ ਮੇਲ)– ਲਗਭਗ 38 ਸਾਲ ਪਹਿਲਾਂ ਏਅਰ ਇੰਡੀਆ ਦੇ ਬੋਇੰਗ ਜਹਾਜ਼ ਕਨਿਸ਼ਕ ਵਿਚ ਹੋਏ ਧਮਾਕੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਅੱਜ ਵੀ ਨਿਆਂ ਦੀ ਉਡੀਕ ਹੈ। ਘਟਨਾ ਦੀ 38ਵੀਂ ਬਰਸੀ ‘ਤੇ ਕੈਨੇਡਾ ‘ਚ ਵੈਨਕੂਵਰ ਦੇ ਸਟੇਨਲੀ ਪਾਰਕ ਵਿਚ ਹਾਦਸੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ‘ਤੇ ਦੁੱਖ਼ ਪ੍ਰਗਟ ਕੀਤਾ। ਕੈਨੇਡਾ ਦੇ ਸਿਹਤ ਮੰਤਰੀ ਐਡ੍ਰੀਅਨ ਡਿਕਸ ਨੇ ਇਸ ਮੌਕੇ ‘ਤੇ ਕਿਹਾ ਕਿ 38 ਸਾਲ ਪਹਿਲਾਂ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਵਾਲੇ ਜ਼ਾਲਮ ਅੱਤਵਾਦੀਆਂ ਨੂੰ ਪਤਾ ਸੀ ਕਿ ਜਹਾਜ਼ ਵਿਚ ਆਮ ਨਾਲੋਂ ਵੱਧ ਬੱਚੇ ਹੋਣਗੇ ਕਿਉਂਕਿ ਸਕੂਲੀ ਸਾਲ ਅਜੇ ਖ਼ਤਮ ਹੀ ਹੋਇਆ ਸੀ। ਡਿਕਸ ਨੇ ਕਿਹਾ ਕਿ ਕਾਤਲਾਂ ਨੂੰ ਸਪੱਸ਼ਟ ਤੌਰ ‘ਤੇ ਉਨ੍ਹਾਂ 82 ਬੱਚਿਆਂ ਦੀ ਪ੍ਰਵਾਹ ਨਹੀਂ ਸੀ, ਜੋ ਜਹਾਜ਼ ਵਿਚ ਸਵਾਰ ਸਨ।
ਇਸ ਵਿਚਾਲੇ ਕੈਨੇਡਿਆਈ ਪੁਲਿਸ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਕਿ ਜਾਂਚਕਰਤਾ ਅਜੇ ਵੀ ਮਾਮਲੇ ‘ਤੇ ਕੰਮ ਕਰ ਰਹੇ ਹਨ ਪਰ ਘਟਨਾ ਦੀ ਕਿਸਮ ਕਾਰਨ ਉਹ ਜਾਂਚ ਦਾ ਵੇਰਵਾ ਨਹੀਂ ਦੇ ਸਕਦੇ। ਸਟਾਫ਼ ਸਾਰਜੈਂਟ ਕ੍ਰਿਸ ਕਲਾਰਕ ਨੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ 2005 ‘ਚ 2 ਮੁੱਖ ਸ਼ੱਕੀਆਂ ਦੇ ਬਰੀ ਹੋਣ ਅਤੇ ਘੱਟੋ-ਘੱਟ 2 ਹੋਰਨਾਂ ਦੀ ਮੌਤ ਹੋਣ ਦੇ ਬਾਵਜੂਦ ਮਾਮਲੇ ਦੀ ਫਾਈਲ ਖੁੱਲ੍ਹੀ ਹੋਈ ਹੈ। ਏਅਰ ਇੰਡੀਆ ਦੀ ਜਾਂਚ ਜਾਰੀ ਹੈ ਅਤੇ ਮੌਜੂਦਾ ਸਮੇਂ ‘ਚ ਈ-ਡਿਵੀਜ਼ਨ ਇੰਟੀਗ੍ਰੇਟਿਡ ਨੈਸ਼ਨਲ ਸਕਿਓਰਿਟੀ ਐਨਫੋਰਸਮੈਂਟ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 23 ਜੂਨ 1985 ਨੂੰ ਏਅਰ ਇੰਡੀਆ ਦੇ ਬੋਇੰਗ ਜਹਾਜ਼ ਕਨਿਸ਼ਕ ਵਿਚ ਆਸਮਾਨ ‘ਚ ਧਮਾਕਾ ਹੋ ਗਿਆ ਸੀ। ਇਸ ਘਟਨਾ ਵਿਚ ਕਰੂ ਮੈਂਬਰ ਸਮੇਤ ਸਾਰੇ 329 ਵਿਅਕਤੀਆਂ ਦੀ ਮੌਤ ਹੋ ਗਈ ਸੀ। ਜਹਾਜ਼ ਵਿਚ 268 ਕੈਨੇਡਾ, 27 ਇੰਗਲੈਂਡ, 10 ਅਮਰੀਕਾ ਅਤੇ 2 ਭਾਰਤ ਦੇ ਨਾਗਰਿਕ ਸਨ। ਇਨ੍ਹਾਂ ਦੇ ਨਾਲ ਹੀ ਜਹਾਜ਼ ਦੀ ਕਰੂ ਵਿਚ ਸ਼ਾਮਲ ਸਾਰੇ 22 ਭਾਰਤੀ ਵੀ ਮਾਰੇ ਗਏ ਸਨ। ਕੈਨੇਡਾ ਦੇ ਸੁਪਰੀਮ ਕੋਰਟ ਦੇ ਜੱਜ ਅਤੇ ਉਸ ਤੋਂ ਬਾਅਦ ਦੀ ਜਨਤਕ ਜਾਂਚ ਵਿਚ ਪਤਾ ਲੱਗਾ ਸੀ ਕਿ ਬੰਬ ਧਮਾਕਾ ਖ਼ਾਲਿਸਤਾਨੀ ਸੰਗਠਨ ਬੱਬਰ ਖਾਲਸਾ ਵੱਲੋਂ ਕੀਤਾ ਗਿਆ ਸੀ।
ਜਿਨ੍ਹਾਂ ਲੋਕਾਂ ਉੱਤੇ ਜਾਨਲੇਵਾ ਸਾਜ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ ਉਨ੍ਹਾਂ ਵਿਚੋਂ 2 ਨੂੰ ਬਰੀ ਕਰ ਦਿੱਤਾ ਗਿਆ ਸੀ, ਜਦੋਂਕਿ ਤੀਜੇ ਨੂੰ ਮਨੁੱਖੀ ਹੱਤਿਆ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਐਂਗਸ ਰੀਡ ਇੰਸਟੀਚਿਊਟ ਨੇ ਇਕ ਸਰਵੇਖਣ ਜਾਰੀ ਕੀਤਾ ਸੀ, ਜਿਸ ਵਿਚ ਵਿਖਾਇਆ ਗਿਆ ਸੀ ਕਿ 10 ਵਿਚੋਂ 9 ਕੈਨੇਡਿਆਈ ਲੋਕਾਂ ਨੂੰ ਇਸ ਹਮਲੇ ਬਾਰੇ ਬਹੁਤ ਘੱਟ ਜਾਂ ਕੁਝ ਵੀ ਨਹੀਂ ਪਤਾ, ਜੋ ਕੈਨੇਡਾ ਦਾ ਸਭ ਤੋਂ ਭਿਆਨਕ ਸਮੂਹਿਕ ਹੱਤਿਆਕਾਂਡ ਹੈ। 1500 ਕੈਨੇਡਿਆਈ ਲੋਕਾਂ ਦੇ ਸਰਵੇਖਣ ਵਿਚ ਇਹ ਵੀ ਪਤਾ ਲੱਗਾ ਹੈ ਕਿ 18 ਤੋਂ 34 ਸਾਲ ਦੀ ਉਮਰ ਦੇ 5 ਵਿਚੋਂ 3 ਬਾਲਗਾਂ ਨੇ ਬੰਬ ਧਮਾਕਿਆਂ ਬਾਰੇ ਕਦੇ ਨਹੀਂ ਸੁਣਿਆ।