ਅੰਮ੍ਰਿਤਸਰ, 17 ਸਤੰਬਰ (ਪੰਜਾਬ ਮੇਲ)- ਬੀਐਸਐਫ ਨੇ ਪਾਕਿਸਤਾਨ ਸਰਹੱਦ ’ਤੇ ਪਿੰਡ ਰਤਨ ਖੁਰਦ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਉਸ ਕੋਲੋਂ ਕੁਝ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ। ਬੀਐਸਐਫ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਲਗਭਗ 9:30 ਵਜੇ ਸਰਹੱਦ ’ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਸਰਹੱਦ ਨੇੜੇ ਹਲਚਲ ਦੇਖੀ ਅਤੇ ਇੱਕ ਵਿਅਕਤੀ ਨੂੰ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਵਿੱਚ ਦਾਖਲ ਹੁੰਦਿਆਂ ਦੇਖਿਆ। ਇਹ ਵਿਅਕਤੀ ਹਨੇਰੇ ਦਾ ਲਾਭ ਲੈਂਦੇ ਹੋਏ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵੱਲ ਵੱਧ ਰਿਹਾ ਸੀ। ਬੀਐਸਐਫ ਜਵਾਨਾਂ ਨੇ ਉਸ ਨੂੰ ਰੁਕਣ ਦੀ ਚੇਤਾਵਨੀ ਦਿੱਤੀ ਪਰ ਉਹ ਅਗਾਂਹ ਵਧਦਾ ਰਿਹਾ। ਇਸ ’ਤੇ ਜਵਾਨਾਂ ਨੇ ਉਸ ’ਤੇ ਗੋਲੀ ਚਲਾਈ ਅਤੇ ਉਹ ਇਸ ਗੋਲੀਬਾਰੀ ਵਿੱਚ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਘੁਸਪੈਠੀਏ ਕੋਲੋਂ ਪਾਕਿਸਤਾਨੀ ਕਰੰਸੀ ਦੇ 270 ਰੁਪਏ ਬਰਾਮਦ ਹੋਏ ਹਨ। ਬੀਐਸਐਫ ਨੇ ਲਾਸ਼ ਅਗਲੀ ਕਾਰਵਾਈ ਵਾਸਤੇ ਘਰਿੰਡਾ ਪੁਲੀਸ ਥਾਣੇ ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਬੀਐਸਐਫ ਵੱਲੋਂ ਫਾਜ਼ਿਲਕਾ ਬਾਰਡਰ ’ਤੇ ਵੀ ਦੋ ਤਸਕਰਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਲਗਭਗ ਇੱਕ ਕਿਲੋ ਹੇੈਰੋਇਨ ਬਰਾਮਦ ਹੋਈ। ਇਹ ਘਟਨਾ ਪਿੰਡ ਕਾਦਰ ਬਖਸ਼ ਨੇੜੇ ਵਾਪਰੀ ਹੈ। ਕਾਬੂ ਕੀਤੇ ਗਏ ਦੋਵੇਂ ਵਿਅਕਤੀ ਫਾਜ਼ਿਲਕਾ ਜ਼ਿਲੇ ਦੇ ਪਿੰਡ ਮੁੰਬੇ ਕੇ ਅਤੇ ਚੱਕ ਅਮੀਰਾਂ ਦੇ ਵਾਸੀ ਹਨ। ਉਹ ਇੱਥੇ ਪਾਕਿਸਤਾਨ ਵੱਲੋਂ ਆਏ ਡਰੋਨ ਵੱਲੋਂ ਸੁੱਟੀ ਗਈ ਹੈਰੋਇਨ ਦੀ ਖੇਪ ਚੁੱਕਣ ਵਾਸਤੇ ਪੁੱਜੇ ਸਨ। ਘਟਨਾ ਸਥਾਨ ਤੋਂ ਦੋ ਪੈਕਟ ਨਸ਼ੀਲੇ ਪਦਾਰਥ ਦੇ ਮਿਲੇ ਹਨ।