ਬ੍ਰਿਟਿਸ਼ ਕੋਲੰਬੀਆ, 27 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਬੀ.ਸੀ. ਵਿਚ ਮੌਜੂਦਾ ਵਰ੍ਹੇ ਦੌਰਾਨ ਕਤਲ ਕੀਤੀਆਂ ਤਿੰਨ ਪੰਜਾਬਣਾਂ ਸਣੇ 16 ਔਰਤਾਂ ਦੀ ਯਾਦ ‘ਚ ਵਿਧਾਨ ਸਭਾ ਦੇ ਬਾਹਰ ਮੂਕ ਇਕੱਠ ਕੀਤਾ ਗਿਆ। ਇਕੱਠ ਵਿਚ ਸ਼ਾਮਲ ਬੀਬੀਆਂ ਦੇ ਹੱਥਾਂ ਵਿਚ ਉਨ੍ਹਾਂ ਔਰਤਾਂ ਦਾ ਨਾਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਉਨ੍ਹਾਂ ਦੇ ਪਤੀ ਵੱਲੋਂ ਕਤਲ ਕੀਤਾ ਗਿਆ। ਮੂਕ ਇਕੱਠ ਦੌਰਾਨ ਪੰਜਾਬੀ ਮੂਲ ਦੀਆਂ ਔਰਤਾਂ ਵਿਚੋਂ ਪਹਿਲਾ ਨਾਂ 28 ਸਾਲ ਦੀ ਨਵਦੀਪ ਕੌਰ ਦਾ ਸੀ, ਜੋ 22 ਫਰਵਰੀ ਨੂੰ ਲਾਪਤਾ ਹੋਈ ਅਤੇ ਇਸ ਮਗਰੋਂ ਉਸ ਦੀ ਲਾਸ਼ ਹੀ ਬਰਾਮਦ ਹੋ ਸਕੀ। ਪੁਲਿਸ ਇਸ ਮਾਮਲੇ ਦੀ ਕਤਲ ਵਜੋਂ ਪੜਤਾਲ ਕਰ ਰਹੀ ਹੈ। ਦੂਜਾ ਸਾਈਨ 33 ਸਾਲ ਦੀ ਪਵਿੱਤਰਪ੍ਰੀਤ ਕੌਰ ਸਿੱਧੂ ਦੇ ਨਾਂ ਵਾਲਾ ਸੀ, ਜਿਸ ਦੀ ਹੱਤਿਆ 26 ਅਪ੍ਰੈਲ ਨੂੰ ਹੋਈ ਅਤੇ ਪਤੀ ਵਿਰੁੱਧ ਦੋਸ਼ ਲੱਗੇ।
ਤੀਜਾ ਸਾਈਨ 41 ਸਾਲ ਦੀ ਬਲਵਿੰਦਰ ਕੌਰ ਦਾ ਸੀ, ਜਿਸ ਦਾ 15 ਮਾਰਚ ਨੂੰ ਕਤਲ ਕੀਤਾ ਗਿਆ ਅਤੇ ਉਸ ਦੇ ਪਤੀ ਵਿਰੁੱਧ ਕਤਲ ਦੇ ਦੋਸ਼ ਲੱਗੇ। ਸਾਊਥ ਏਸ਼ੀਅਨ ਮੂਲ ਦੀ ਰੌਸ਼ਨੀ ਗੁਰੁੰਗ ਦਾ ਵੈਨਕੂਵਰ ਵਿਖੇ 22 ਨਵੰਬਰ ਨੂੰ ਕਤਲ ਕਰ ਦਿਤਾ ਗਿਆ ਅਤੇ ਉਸ ਦੇ ਪਤੀ ਵਿਰੁੱਧ ਕਤਲ ਦੇ ਦੋਸ਼ ਲੱਗੇ ਹਨ। ਉਧਰ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਰਤਾਂ ਵਾਸਤੇ ਸਭ ਤੋਂ ਖ਼ਤਰਨਾਕ ਥਾਂ ਉਨ੍ਹਾਂ ਦਾ ਘਰ ਹੈ ਕਿਉਂਕਿ 2023 ਵਿਚ ਰੋਜ਼ਾਨਾ 140 ਔਰਤਾਂ ਜਾਂ ਕੁੜੀਆਂ ਦਾ ਉਨ੍ਹਾਂ ਦੇ ਪਾਰਟਨਰ ਜਾਂ ਰਿਸ਼ਤੇਦਾਰ ਵੱਲੋਂ ਕਤਲ ਕੀਤਾ ਗਿਆ। ਕੁੱਲ ਮਿਲਾ ਕੇ ਦੇਖਿਆ ਜਾਵੇ, ਤਾਂ 50 ਹਜ਼ਾਰ ਤੋਂ ਵੱਧ ਔਰਤਾਂ ਦਾ ਉਨ੍ਹਾਂ ਦੇ ਪਾਰਟਨਰ ਜਾਂ ਕਿਸੇ ਪਰਿਵਾਰਕ ਮੈਂਬਰ ਨੇ ਕਤਲ ਕੀਤਾ। ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਕੌਮਾਂਤਰੀ ਦਿਹਾੜੇ ਮੌਕੇ ਜਾਰੀ ਰਿਪੋਰਟ ਕਹਿੰਦੀ ਹੈ ਕਿ ਦੁਨੀਆਂ ਦੇ ਹਰ ਕੋਨੇ ਵਿਚ ਔਰਤਾਂ ਅਤੇ ਕੁੜੀਆਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਖਿਤਿਆਂ ਦੇ ਹਿਸਾਬ ਨਾਲ 2023 ਦੌਰਾਨ ਅਫਰੀਕਾ ਮਹਾਂਦੀਪ ‘ਚ 21,700 ਔਰਤਾਂ ਦੇ ਕਤਲ ਹੋਏ ਅਤੇ ਇਕ ਲੱਖ ਦੀ ਆਬਾਦੀ ਪਿੱਛੇ ਇਹ ਅੰਕੜਾ 2.9 ਬਣਦਾ ਹੈ। ਅਮਰੀਕਾ ਵਿਚ ਇਕ ਲੱਖ ਦੀ ਆਬਾਦੀ ਪਿੱਛੇ 1.6 ਔਰਤਾਂ ਦੀ ਹੱਤਿਆ ਕੀਤੀ ਗਈ ਪਰ ਏਸ਼ੀਆ ਵਿਚ ਇਹ ਅੰਕੜਾ 0.8 ਫੀਸਦੀ ਰਿਹਾ। ਉਧਰ ਯੂਰਪ ਵਿਚ ਸਭ ਤੋਂ ਘੱਟ 0.6 ਫੀਸਦੀ ਅੰਕੜਾ ਦਰਜ ਕੀਤਾ ਗਿਆ।