ਵਾਸ਼ਿੰਗਟਨ, 3 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਦੋ ਕੁਆਡ ਭਾਈਵਾਲਾਂ ਭਾਰਤ ਤੇ ਜਪਾਨ ਅਤੇ ਆਪਣੇ ਦੋ ਵਿਰੋਧੀਆਂ ਰੂਸ ਤੇ ਚੀਨ ਨੂੰ ‘ਓਪਰਿਆਂ ਤੋਂ ਡਰਨ ਵਾਲੇ’ ਮੁਲਕ ਕਰਾਰ ਦਿੱਤਾ ਅਤੇ ਕਿਹਾ ਕਿ ਇਨ੍ਹਾਂ ‘ਚੋਂ ਕੋਈ ਵੀ ਮੁਲਕ ਅਮਰੀਕਾ ਦੀ ਤਰ੍ਹਾਂ ਪ੍ਰਵਾਸੀਆਂ ਦਾ ਸਵਾਗਤ ਨਹੀਂ ਕਰਦਾ। ਉਨ੍ਹਾਂ ਇੱਕ ਸਮਾਗਮ ਦੌਰਾਨ ਕਿਹਾ, ‘ਇਹ ਚੋਣਾਂ ਆਜ਼ਾਦੀ, ਅਮਰੀਕਾ ਤੇ ਲੋਕਤੰਤਰ ਲਈ ਹਨ। ਇਸ ਲਈ ਮੈਨੂੰ ਤੁਹਾਡੀ ਬਹੁਤ ਜ਼ਰੂਰਤ ਹੈ। ਤੁਸੀਂ ਜਾਣਦੇ ਹੋ, ਸਾਡੇ ਅਰਥਚਾਰੇ ਦੇ ਵਧਣ ਦਾ ਇੱਕ ਕਾਰਨ ਤੁਸੀਂ ਤੇ ਕਈ ਹੋਰ ਲੋਕ ਹੋ। ਕਿਉਂ? ਕਿਉਂਕਿ ਅਸੀਂ ਪ੍ਰਵਾਸੀਆਂ ਦਾ ਸਵਾਗਤ ਕਰਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਇਸ ਕਾਰਨ ਵੱਲ ਦੇਖਦੇ ਹਾਂ ਤੇ ਇਸ ਬਾਰੇ ਸੋਚਦੇ ਹਾਂ। ਚੀਨ ਆਰਥਿਕਤਾ ਪੱਖੋਂ ਇੰਨਾ ਮਾੜਾ ਕਿਉਂ ਹੈ? ਜਪਾਨ ਸੰਕਟ ‘ਚ ਕਿਉਂ ਹੈ? ਰੂਸ ਕਿਉਂ? ਭਾਰਤ ਕਿਉਂ? ਕਿਉਂਕਿ ਉਹ ‘ਓਪਰਿਆਂ ਤੋਂ ਡਰਦੇ’ ਹਨ। ਉਹ ਪ੍ਰਵਾਸੀ ਨਹੀਂ ਚਾਹੁੰਦੇ।’