#AMERICA

ਬਾਇਡਨ ਵੱਲੋਂ ਚੀਨੀ ਤਕਨੀਕ ‘ਚ ਅਮਰੀਕੀ ਨਿਵੇਸ਼ ‘ਤੇ ਰੋਕ ਦੇ ਹੁਕਮ

ਵਾਸ਼ਿੰਗਟਨ, 14 ਅਗਸਤ (ਪੰਜਾਬ ਮੇਲ)-  ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ਵੱਲ ਜਾਣ ਵਾਲੇ ਉੱਚ ਤਕਨੀਕ ਵਾਲੇ ਅਮਰੀਕੀ ਨਿਵੇਸ਼ ਨੂੰ ਰੋਕਣ ਅਤੇ ਨੇਮਬੱਧ ਕਰਨ ਲਈ ਇੱਕ ਕਾਰਜਕਾਰੀ ਹੁਕਮ ‘ਤੇ ਦਸਤਖ਼ਤ ਕੀਤੇ ਹਨ। ਬਾਇਡਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਦੁਨੀਆਂ ਦੀਆਂ ਦੋ ਵੱਡੀਆਂ ਸ਼ਕਤੀਆਂ ਵਿਚਾਲੇ ਮੁਕਾਬਲੇ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ਚੀਨ ਨੇ ਦੋਸ਼ ਲਾਇਆ ਕਿ ਅਮਰੀਕਾ ਉਸ ਨਿਵੇਸ਼ ‘ਤੇ ਰੋਕ ਲਗਾ ਕੇ ਉਸ ਦੇ ਵਿਕਾਸ ‘ਚ ਅੜਿੱਕੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਪੇਈਚਿੰਗ ਨੂੰ ਆਪਣੀ ਸੈਨਾ ਦੇ ਵਿਕਾਸ ਵਿਚ ਮਦਦ ਮਿਲ ਸਕਦੀ ਹੈ।
ਅਮਰੀਕਾ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਹਨ, ਉਸ ਦੇ ਘੇਰੇ ਵਿਚ ਕੰਪਿਊਟਰ ਚਿੱਪਾਂ, ਮਾਈਕਰੋ ਇਲੈਕਟ੍ਰੌਨਿਕਸ, ਕੁਆਂਟਮ ਸੂਚਨਾ ਤਕਨੀਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਉਂਦੇ ਹਨ। ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਇਹ ਕਦਮ ਆਰਥਿਕ ਹਿੱਤਾਂ ਦੀ ਥਾਂ ਕੌਮੀ ਸੁਰੱਖਿਆ ਨੂੰ ਧਿਆਨ ‘ਚ ਰੱਖ ਕੇ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹੁਕਮ ਦਾ ਮਕਸਦ ਚੀਨ ਦੀ ਅਮਰੀਕੀ ਨਿਵੇਸ਼ ਦੀ ਵਰਤੋਂ ਦੀ ਸਮਰੱਥਾ ਨੂੰ ਘਟਾਉਣ ਦੇ ਨਾਲ-ਨਾਲ ਵਪਾਰ ਦੇ ਪੱਧਰ ਨੂੰ ਨਿਯਮਿਤ ਕਰਨਾ ਹੈ, ਜੋ ਦੋਵਾਂ ਮੁਲਕਾਂ ਦੇ ਅਰਥਚਾਰਿਆਂ ਲਈ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਚੀਨ ਅਮਰੀਕਾ ਦੇ ਨਿਵੇਸ਼ ਦੀ ਵਰਤੋਂ ਆਪਣੀ ਸੈਨਾ ਨੂੰ ਵਿਕਸਿਤ ਕਰਨ ਲਈ ਕਰ ਰਿਹਾ ਹੈ। ਦੂਜੇ ਪਾਸੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਬਾਇਡਨ ਪ੍ਰਸ਼ਾਸਨ ‘ਤੇ ਤਕਨੀਕੀ ਏਕਾਧਿਕਾਰ ਕਾਇਮ ਕਰਨ ਦਾ ਦੋਸ਼ ਲਾਇਆ ਅਤੇ ਵਾਸ਼ਿੰਗਟਨ ਨੂੰ ਆਪਣਾ ਫ਼ੈਸਲਾ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਚੀਨ ਨੇ ਚਿਤਾਵਨੀ ਦਿੱਤੀ ਕਿ ਪੇਈਚਿੰਗ ਦੇ ਤਕਨੀਕੀ ਵਿਕਾਸ ‘ਤੇ ਵਧਦੇ ਸੰਘਰਸ਼ ‘ਚ ਨਵੀਆਂ ਪਾਬੰਦੀਆਂ ਆਲਮੀ ਸਪਲਾਈ ਲੜੀ ਨੂੰ ਨੁਕਸਾਨ ਪਹੁੰਚਾਉਣਗੀਆਂ।

Leave a comment