ਵਾਸ਼ਿੰਗਟਨ, 9 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਪਿਛਲੇ 4 ਸਾਲਾਂ ਵਿਚ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਦਾ ਹੋਰ ਵਿਸਥਾਰ ਕੀਤਾ ਹੈ। ਆਸਟਿਨ ਨੇ ਫਲੋਰੀਡਾ ਵਿਚ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਨੂੰ ਮਜ਼ਬੂਤ ਅਤੇ ਇਕਜੁੱਟ ਕੀਤਾ ਹੈ। ਅਸੀਂ ਯੂਕ੍ਰੇਨ ਨੂੰ ਸੁਰੱਖਿਆ ਸਹਾਇਤਾ ਦੇਣ ਲਈ 50 ਦੇਸ਼ਾਂ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਅਸੀਂ ਇੰਡੋ-ਪੈਸੀਫਿਕ ਖੇਤਰ ਵਿਚ ਜੋ ਕੰਮ ਕੀਤੇ ਹਨ, ਉਹ ਵੀ ਬਹੁਤ ਲਾਭਦਾਇਕ ਰਿਹਾ ਹਨ।’
ਆਸਟਿਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਦੇ ਅਧੀਨ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ, ‘ਅਸੀਂ ਦੇਖਿਆ ਕਿ ਜਾਪਾਨ ਨੇ ਰੱਖਿਆ ਖੇਤਰ ਵਿਚ ਆਪਣਾ ਨਿਵੇਸ਼ ਦੁੱਗਣਾ ਕਰ ਦਿੱਤਾ ਹੈ ਅਤੇ ਇਹ ਸੂਚੀ ਬਹੁਤ ਲੰਬੀ ਹੁੰਦੀ ਜਾ ਰਹੀ ਹੈ, ਤਾਂ ਇਸ ਤਰ੍ਹਾਂ ਯੂਕ੍ਰੇਨ ਦੀ ਮਦਦ ਕਰਨ ਅਤੇ ਇਜ਼ਰਾਈਲ ਦੇ ਆਪਣੇ ਖੇਤਰ ਦੀ ਰੱਖਿਆ ਦੇ ਯਤਨਾਂ ਦਾ ਸਮਰਥਨ ਕਰਨ ਦੇ ਨਾਲ ਹੀ ਅਸੀਂ ਇੰਡੋ-ਪੈਸੀਫਿਕ ਖੇਤਰ ‘ਤੇ ਵੀ ਧਿਆਨ ਕੇਂਦਰਿਤ ਕੀਤਾ ਹੈ।’ ਆਸਟਿਨ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਵੋਟਰਾਂ ਦੇ ਦਿਮਾਗ ‘ਤੇ ਸਭ ਤੋਂ ਮਹੱਤਵਪੂਰਨ ਚੀਜ਼ ਅਰਥਵਿਵਸਥਾ ਸੀ ਅਤੇ ਲੋਕਾਂ ਨੇ ਇਸ ਮੁੱਦੇ ‘ਤੇ ਵੋਟਿੰਗ ਕੀਤੀ।