#AMERICA

ਬਾਇਡਨ ਨੇ ਗੈਰ ਕਾਨੂੰਨੀ ਪਰਿਵਾਰਾਂ ਦੇ ਡੀ.ਐੱਨ.ਏ. ਜਾਂਚ ਦੇ ਫੈਸਲੇ ਨੂੰ ਬਦਲਿਆ

ਵਾਸ਼ਿੰਗਟਨ, 19 ਜੁਲਾਈ (ਪੰਜਾਬ ਮੇਲ)- ਜੋਅ ਬਾਇਡਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ 2019 ਵਿਚ ਸ਼ੁਰੂ ਕੀਤੇ ਇਕ ਪ੍ਰੋਗਰਾਮ ਨੂੰ ਬਦਲ ਦਿੱਤਾ ਹੈ। ਇਸ ਪ੍ਰੋਗਰਾਮ ਅਧੀਨ ਗੈਰ ਕਾਨੂੰਨੀ ਆਉਣ ਵਾਲੇ ਪਰਿਵਾਰਾਂ ਦੀ ਡੀ.ਐੱਨ.ਏ. ਜਾਂਚ ਕੀਤੀ ਜਾਂਦੀ ਸੀ, ਤਾਂ ਜੋ ਗੈਰ ਕਾਨੂੰਨੀ ਪ੍ਰਵਾਸੀ ਲੋਕਾਂ ਨੂੰ ਪਰਿਵਾਰਕ ਸੰਬੰਧਾਂ ਦਾ ਝੂਠਾ ਦਾਅਵਾ ਕਰਕੇ ਬੱਚਿਆਂ ਦੀ ਤਸਕਰੀ ਤੋਂ ਬਚਾਇਆ ਜਾ ਸਕੇ। ਡੀ.ਐੱਨ.ਏ. ਟੈਸਟ ਮੌਕੇ ‘ਤੇ ਹੀ ਕੀਤਾ ਜਾਂਦਾ ਸੀ ਅਤੇ ਇਸ ਦੀ ਰਿਪੋਰਟ ਕੁੱਝ ਮਿੰਟਾਂ ਅੰਦਰ ਹੀ ਪਤਾ ਲੱਗ ਸਕਦੀ ਸੀ। ਇਸ ਟੈਸਟ ਨਾਲ ਮਾਤਾ-ਪਿਤਾ ਤੇ ਬੱਚੇ ਦੇ ਰਿਸ਼ਤੇ ਬਾਰੇ ਪੱਕੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਸੀ।
ਫਲੋਰਸ ਮੁਕੱਦਮੇ ‘ਚ 2015 ਦੇ ਸੰਘੀ ਅਦਾਲਤ ਦੇ ਫੈਸਲੇ ਦੇ ਕਾਰਨ, ਓਬਾਮਾ ਅਤੇ ਟਰੰਪ ਪ੍ਰਸ਼ਾਸਨ ਦੇ ਦੌਰਾਨ ਯੂ.ਐੱਸ. ਬਾਰਡਰ ‘ਤੇ ਪਹੁੰਚਣ ਵਾਲੀਆਂ ਜਾਅਲੀ ਪਰਿਵਾਰਕ ਇਕਾਈਆਂ ਦੀ ਵਧਦੀ ਗਿਣਤੀ ਇੱਕ ਗੰਭੀਰ ਸਮੱਸਿਆ ਬਣ ਗਈ ਸੀ। ਉਸ ਫੈਸਲੇ ਵਿਚ, ਜ਼ਿਲ੍ਹਾ ਅਦਾਲਤ ਨੇ ਕਿਹਾ ਕਿ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਸਿਰਫ ਨਾਬਾਲਗਾਂ ਨੂੰ ਹੀ ਵੱਧ ਤੋਂ ਵੱਧ 20 ਦਿਨਾਂ ਲਈ ਹਿਰਾਸਤ ਵਿਚ ਲੈ ਸਕਦਾ ਹੈ, ਚਾਹੇ ਉਹ ਮਾਪਿਆਂ ਜਾਂ ਸਰਪ੍ਰਸਤ ਦੇ ਨਾਲ ਹੋਣ। 2016 ਵਿਚ ਨੌਵੀਂ ਸਰਕਟ ਕੋਰਟ ਆਫ ਅਪੀਲਜ਼ ਦੁਆਰਾ ਪੁਸ਼ਟੀ ਕੀਤੇ ਗਏ ਇਸ ਫੈਸਲੇ ਨੇ, ਉਨ੍ਹਾਂ ਦੇ ਨਾਲ ਆਏ ਮਾਪਿਆਂ ਜਾਂ ਸਰਪ੍ਰਸਤਾਂ ਦੇ ਨਾਲ ਨਾਬਾਲਗਾਂ ਦੀ ਵਿਆਪਕ ਰਿਹਾਈ ਦੀ ਅਗਵਾਈ ਕੀਤੀ।
ਦੁਨੀਆਂ ਭਰ ਤੋਂ ਲੋਕ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਅਮਰੀਕਾ ਵਿਚ ਪ੍ਰਵਾਸ ਕਰਨ ਲਈ ਬਾਰਡਰਾਂ ‘ਤੇ ਪਹੁੰਚ ਗਏ। ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਇਨ੍ਹਾਂ ਵਿਚ ਬਹੁਤ ਸਾਰੇ ਬੱਚੇ ਸਮੱਗਲ ਕਰਕੇ ਲਿਆਂਦੇ ਗਏ ਸਨ, ਜਿਨ੍ਹਾਂ ਦਾ ਉਨ੍ਹਾਂ ਨਾਲ ਆਉਣ ਵਾਲੇ ਫਰਜ਼ੀ ਮਾਂ-ਬਾਪ ਨਾਲ ਕੋਈ ਸੰਬੰਧ ਨਹੀਂ ਸੀ।
ਡੀ.ਐੱਨ.ਏ. ਟੈਸਟਿੰਗ ਕੰਪਨੀ ਨਾਲ ਅਮਰੀਕੀ ਸਰਕਾਰ ਦਾ ਇਕਰਾਰ ਖਤਮ ਹੋ ਗਿਆ ਹੈ ਅਤੇ ਬਾਇਡਨ ਪ੍ਰਸ਼ਾਸਨ ਨੇ ਇਸ ਨੂੰ ਰੀਨਿਊ ਨਾ ਕਰਨਾ ਦਾ ਫੈਸਲਾ ਕੀਤਾ ਹੈ।

Leave a comment