#OTHERS

ਬਲੋਚਿਸਤਾਨ ‘ਚ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੌਰਾਨ 57 ਦਹਿਸ਼ਤਗਰਦ ਹਲਾਕ

10 ਸੁਰੱਖਿਆ ਕਰਮਚਾਰੀਆਂ ਦੀ ਵੀ ਗਈ ਜਾਨ
ਕਰਾਚੀ, 31 ਜਨਵਰੀ (ਪੰਜਾਬ ਮੇਲ)- ਬਲੋਚਿਸਤਾਨ ‘ਚ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਦੌਰਾਨ 57 ਦਹਿਸ਼ਤਗਰਦ ਮਾਰੇ ਗਏ ਹਨ, ਜਦਕਿ 10 ਸੁਰੱਖਿਆ ਕਰਮਚਾਰੀਆਂ ਦੀ ਵੀ ਜਾਨ ਚਲੀ ਗਈ।
ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਨੇ ਦੱਸਿਆ ਕਿ ਕੁਏਟਾ, ਗਵਾਦਰ, ਮਕਰਾਨ, ਹੱਬ, ਚਮਨ ਅਤੇ ਨਸੀਰਾਬਾਦ ਸਮੇਤ ਕਈ ਥਾਵਾਂ ‘ਤੇ ਦਹਿਸ਼ਤਗਰਦਾਂ ਨੇ ਪੁਲਿਸ, ਫਰੰਟੀਅਰ ਕੋਰ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ। ਗਵਾਦਰ ਨੇੜੇ ਹਮਲੇ ‘ਚ ਇੱਕ ਔਰਤ ਅਤੇ ਤਿੰਨ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਉਹ ਬਾਗੀ ਗਰੁੱਪਾਂ ਨਾਲ ਸਬੰਧਤ ਸਨ ਜਾਂ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ। ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪੁਸ਼ਟੀ ਕੀਤੀ ਕਿ ਦਹਿਸ਼ਤਗਰਦਾਂ ਦੇ ਸਾਰੇ ਹਮਲੇ ਨਾਕਾਮ ਕਰ ਦਿੱਤੇ ਗਏ ਹਨ ਅਤੇ ਸੁਰੱਖਿਆ ਬਲਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿਚ ਲਗਾਏ ਵਿਸਫੋਟਕ ਪਦਾਰਥ ਹਟਾ ਦਿੱਤੇ ਗਏ ਹਨ।
ਇਸਲਾਮਾਬਾਦ ਸਥਿਤ ਥਿੰਕ ਟੈਂਕ ਪਾਕਿ ਇੰਸਟੀਚਿਊਟ ਫਾਰ ਪੀਸ ਸਟੱਡੀਜ਼ ਅਨੁਸਾਰ, ਬਲੋਚਿਸਤਾਨ ਵਿਚ ਹਿੰਸਾ ਲਗਾਤਾਰ ਵਧ ਰਹੀ ਹੈ। ਇਸ ਸਾਲ ਦੇਸ਼ ਭਰ ਵਿਚ 699 ਦਹਿਸ਼ਤੀ ਹਮਲੇ ਦਰਜ ਕੀਤੇ ਗਏ ਹਨ।