#OTHERS

ਬਲੋਚਿਸਤਾਨ ਗਣਰਾਜ ਦੇ ਟ੍ਰਿਬਿਊਨਲ ਵੱਲੋਂ ਆਸਿਮ ਮੁਨੀਰ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਅੰਮ੍ਰਿਤਸਰ, 26 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕਰਦੇ ਆ ਰਹੇ ਸੂਬਾ ਬਲੋਚਿਸਤਾਨ ਦੇ ਬਲੋਚ ਆਗੂਆਂ ਨੇ ਸੂਬੇ ਨੂੰ ਬਲੋਚਿਸਤਾਨ ਗਣਰਾਜ ਐਲਾਨਦਿਆਂ ਇਕ ਵੱਡਾ ਅਤੇ ਮਹੱਤਵਪੂਰਨ ਫ਼ੈਸਲਾ ਲਿਆ ਹੈ। ਬਲੋਚਿਸਤਾਨ ਗਣਰਾਜ ਦੇ ਟ੍ਰਿਬਿਊਨਲ ਨੇ ਪਾਕਿਸਤਾਨੀ ਫ਼ੌਜ ਨੂੰ ਪਾਬੰਦੀਸ਼ੁਦਾ ਅਤੇ ਅੱਤਵਾਦੀ ਸੰਗਠਨ ਐਲਾਨਦਿਆਂ ਫ਼ੌਜ ਮੁਖੀ ਜਨਰਲ ਸਈਦ ਆਸਿਮ ਮੁਨੀਰ ਅਹਿਮਦ ਸ਼ਾਹ ਪੁੱਤਰ ਸਈਦ ਸਰਵਰ ਮੁਨੀਰ ਸ਼ਾਹ, ਜਨਰਲ ਹੈੱਡਕੁਆਟਰ ਰਾਵਲਪਿੰਡੀ ਨੂੰ ਜੰਗੀ ਅਪਰਾਧੀ ਐਲਾਨਿਆ ਹੈ।
ਟ੍ਰਿਬਿਊਨਲ ਵੱਲੋਂ ਮੁਨੀਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਨਾਜਾਇਜ਼ ਤੌਰ ‘ਤੇ ਪ੍ਰਾਪਤ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਵੀ ਹੁਕਮ ਜਾਰੀ ਕੀਤਾ ਗਿਆ ਹੈ। ਮੁਨੀਰ ਨੂੰ ਇਹ ਸਜ਼ਾ ਬਲੋਚਿਸਤਾਨ ‘ਚ ਜੰਗੀ ਅਪਰਾਧ, ਬਲੋਚ ਨਸਲਕੁਸ਼ੀ, ਬਲੋਚ ਕੌਮ ਦਾ ਆਰਥਿਕ ਸ਼ੋਸ਼ਣ, ਬਲੋਚਿਸਤਾਨ ਦੇ ਤੱਟ ਅਤੇ ਸਰੋਤਾਂ ਦੀ ਵਿਦੇਸ਼ੀ ਸ਼ਕਤੀਆਂ ਨੂੰ ਗ਼ੈਰ-ਕਾਨੂੰਨੀ ਵਿਕਰੀ, ਬਲੋਚਿਸਤਾਨ ਦੀਆਂ ਵਾਪਸੀ ਦੀਆਂ ਅਪੀਲਾਂ ਨੂੰ ਵਾਰ-ਵਾਰ ਅਣਦੇਖਾ ਕਰਨ, ਬਲੋਚ ਔਰਤਾਂ ਨਾਲ ਜਬਰ-ਜ਼ਨਾਹ, ਬਲੋਚ ਨਾਗਰਿਕਾਂ ਨੂੰ ਜ਼ਬਰਦਸਤੀ ਲਾਪਤਾ ਕਰਨ ਵਰਗੇ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਉਂਦਿਆਂ ਸੁਣਾਈ ਗਈ ਹੈ।
ਫ਼ੈਸਲੇ ‘ਚ ਇਹ ਵੀ ਕਿਹਾ ਗਿਆ ਹੈ ਕਿ ਆਸਿਮ ਮੁਨੀਰ ਬਲੋਚਿਸਤਾਨ ਲਈ ਇਕ ਜੰਗੀ ਅਪਰਾਧੀ ਹਨ ਅਤੇ ਕੌਮਾਂਤਰੀ ਭਾਈਚਾਰੇ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਦੇਸ਼ ਦੀ ਯਾਤਰਾ ਦਾ ਵੀਜ਼ਾ ਨਾ ਦਿੱਤਾ ਜਾਵੇ। ਅੱਗੇ ਕਿਹਾ ਗਿਆ ਕਿ ਮੁਨੀਰ ਨੂੰ ਬਲੋਚਿਸਤਾਨ ਪਹੁੰਚਣ ‘ਤੇ ਕਿਸੇ ਵੀ ਸਮੇਂ ਗ੍ਰਿਫ਼ਤਾਰ ਕਰਕੇ ਬਲੋਚਿਸਤਾਨ ਯੁੱਧ ਅਪਰਾਧ ਟ੍ਰਿਬਿਊਨਲ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਬਲੋਚ ਵੱਖਵਾਦੀ ਆਗੂ ਮੀਰ ਯਾਰ ਬਲੋਚ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਟ੍ਰਿਬਿਊਨਲ ਬਲੋਚਿਸਤਾਨ ਗਣਰਾਜ ਦੇ ਸੰਵਿਧਾਨ ਦੇ ਅਨੁਛੇਦ 1, 4, 7, ਅਤੇ 48 ਦੇ ਅਨੁਸਾਰ ਪ੍ਰਭੂਸੱਤਾ ਅਧਿਕਾਰ ਅਧੀਨ ਵਿਧੀਵਤ ਤੌਰ ‘ਤੇ ਗਠਿਤ ਕੀਤਾ ਗਿਆ ਹੈ, ਜੋ ਖੇਤਰੀ ਅਖੰਡਤਾ, ਨਾਗਰਿਕ ਸੁਰੱਖਿਆ ਅਤੇ ਇਸ ਦੇ ਲੋਕਾਂ ਦੀ ਅਟੱਲ ਸ਼ਾਨ ਦੀ ਪੁਸ਼ਟੀ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰੋਸੀਕਿਊਸ਼ਨ ਨੇ ਟ੍ਰਿਬਿਊਨਲ ਸਾਹਮਣੇ 20 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ, ਜਿਸ ‘ਚ ਦਸਤਾਵੇਜ਼ੀ ਸਬੂਤ ਅਤੇ ਚਸ਼ਮਦੀਦਾਂ ਦੀਆਂ ਗਵਾਹੀਆਂ ਸ਼ਾਮਲ ਹਨ।