#CANADA

ਬਰੈਂਪਟਨ ‘ਚ ਵਿਅਕਤੀ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਮਾਮਲੇ ‘ਚ 2 ਪੰਜਾਬੀ ਗ੍ਰਿਫ਼ਤਾਰ

ਫਿਰੌਤੀ ‘ਚ ਮੰਗੇ ਸੀ 2 ਲੱਖ ਅਮਰੀਕੀ ਡਾਲਰ
ਬਰੈਂਪਟਨ, 21 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਸਥਿਤ ਬਰੈਂਪਟਨ ਵਿਚ ਇੱਕ ਸਨਸਨੀਖੇਜ਼ ਅਗਵਾ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਨੇ 2 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ‘ਤੇ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਸ ਨੂੰ ਛੱਡਣ ਦੇ ਬਦਲੇ 2 ਲੱਖ ਅਮਰੀਕੀ ਡਾਲਰ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਪੁਲਿਸ ਮੁਤਾਬਕ ਇਹ ਘਟਨਾ 6 ਨਵੰਬਰ 2025 ਦੀ ਸ਼ਾਮ ਨੂੰ ਵਾਪਰੀ ਸੀ, ਜਦੋਂ ਇੱਕ ਵਿਅਕਤੀ ਨੇ ਆਪਣੇ ਦੋਸਤ ਦੇ ਅਗਵਾ ਹੋਣ ਬਾਰੇ ਸੂਚਨਾ ਦਿੱਤੀ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਪੀੜਤ ਨੂੰ ਛੱਡਣ ਲਈ ਵੱਡੀ ਰਕਮ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ।
ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਲੋਕੇਸ਼ਨ ਟ੍ਰੇਸ ਕੀਤੀ ਅਤੇ ਪੀੜਤ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਗ੍ਰਿਫ਼ਤਾਰੀ ਦੌਰਾਨ ਮੌਕੇ ਤੋਂ ਇੱਕ 0.45 ਕੈਲੀਬਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ। ਇਸ ਤੋਂ ਬਾਅਦ 13 ਫਰਵਰੀ 2026 ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੂੰ ਇੱਕ ਲੋਡਿਡ ਮੈਗਜ਼ੀਨ ਅਤੇ ਇੱਕ ਰਾਈਫਲ ਮੈਗਜ਼ੀਨ ਵੀ ਮਿਲੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ। ਜਿਨ੍ਹਾਂ ਵਿਚੋਂ ਬਰੈਂਪਟਨ ਵਾਸੀ ਹਰਕੀਰਤ ਸਿੰਘ (27) ਅਤੇ ਅੰਮ੍ਰਿਤਪਾਲ ਸਿੰਘ (27) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਹਸਨਪ੍ਰੀਤ ਸਿੰਘ (28) ਦੀ ਅਜੇ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਨੇ ਉਸ ਦੇ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।
ਇਨ੍ਹਾਂ ‘ਤੇ ਹਥਿਆਰ ਨਾਲ ਅਗਵਾ ਕਰਨਾ, ਗੈਰ-ਕਾਨੂੰਨੀ ਹਥਿਆਰ ਰੱਖਣ ਬਾਰੇ ਜਾਣਨਾ, ਹਥਿਆਰ ਵਾਲੇ ਵਾਹਨ ਵਿਚ ਸਵਾਰ ਹੋਣਾ,
ਲੋਡ ਕੀਤੇ, ਵਰਜਿਤ, ਜਾਂ ਨਿਯੰਤਰਿਤ ਹਥਿਆਰ ਰੱਖਣਾ ਆਦਿ ਵਰਗੇ ਹੋਰ ਵੀ ਕਈ ਦੋਸ਼ ਲੱਗੇ ਹਨ।
ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਇਹ ਲੋਕ ਕਿਸੇ ਸੰਗਠਿਤ ਗੈਂਗ ਨਾਲ ਜੁੜੇ ਹੋਏ ਹਨ। ਫਿਲਹਾਲ ਪੀੜਤ ਸੁਰੱਖਿਅਤ ਹੈ, ਪਰ ਇਸ ਘਟਨਾ ਨੇ ਸਥਾਨਕ ਭਾਈਚਾਰੇ ਵਿਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਫਰਾਰ ਮੁਲਜ਼ਮ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਤੁਰੰਤ ਸੰਪਰਕ ਕਰਨ।