ਵੈਨਕੂਵਰ, 1 ਸਤੰਬਰ (ਪੰਜਾਬ ਮੇਲ)- ਪੀਲ ਪੁਲਿਸ ਨੇ ਪਿਛਲੇ ਮਹੀਨੇ ਬਰੈਂਪਟਨ ਵਿਚ ਦੋ ਘਰਾਂ ‘ਤੇ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਦੋਵੇਂ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਮਿਸੀਸਾਗਾ ਰਹਿੰਦੇ ਹੁਸਨਦੀਪ ਸਿੰਘ (20) ਤੇ ਬੇਘਰੇ ਗੁਰਪ੍ਰੀਤ ਸਿੰਘ (23) ਵਜੋਂ ਕੀਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਫਿਰੌਤੀ ਮੰਗੀ ਸੀ। ਉਨ੍ਹਾਂ ਮਨ ਵਿਚ ਖੌਫ ਪੈਦਾ ਕਰਨ ਲਈ ਘਰਾਂ ਦੇ ਬਾਹਰ ਗੋਲੀਆਂ ਚਲਾਈਆਂ ਤੇ ਕਾਲੇ ਰੰਗ ਦੀ ਕਾਰ ਵਿਚ ਫਰਾਰ ਹੋ ਗਏ ਸੀ। ਬਰੈਂਪਟਨ ਦੇ ਰੋਲਿੰਗ ਏਕੜ ਰੋਡ ਸਥਿਤ ਦੋਵਾਂ ਘਰਾਂ ਦੇ ਬਾਹਰ ਕੀਤੀ ਗੋਲੀਬਾਰੀ ਦੀ ਫੁਟੇਜ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਰਿਕਾਰਡ ਹੋ ਗਈ।
ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਲਈ ਇਹ ਵੀਡੀਓ ਜਨਤਕ ਕੀਤੀ ਸੀ। ਗੁਰਪ੍ਰੀਤ ਸਿੰਘ ਵਾਰਦਾਤ ਵਾਲੀ ਕਾਰ ਲੈ ਕੇ ਵਿੰਨੀਪੈੱਗ ਚਲਾ ਗਿਆ, ਜਿੱਥੇ ਉੱਥੋਂ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਪੀਲ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਹੁਸਨਦੀਪ ਨੂੰ ਮਿਸੀਸਾਗਾ ਤੋਂ ਕਾਬੂ ਕੀਤਾ ਗਿਆ ਹੈ। ਦੋਵਾਂ ਖਿਲਾਫ਼ ਫਿਰੌਤੀ ਅਤੇ ਮਿੱਥ ਕੇ ਗੋਲੀਬਾਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਹਨ।
ਬਰੈਂਪਟਨ ‘ਚ ਗੋਲੀਆਂ ਚਲਾ ਕੇ ਫਿਰੌਤੀ ਮੰਗਣ ਵਾਲੇ ਦੋਸ਼ੀ ਕਾਬੂ
