-ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਪੱਤਰ ਜਾਰੀ
ਬਰੈਂਪਟਨ/ਜਲੰਧਰ, 6 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ 4 ਫਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਬਰੈਂਪਟਨ ਕੈਨੇਡਾ ਦਾ ਪਹਿਲਾਂ ਸ਼ਹਿਰ ਬਣ ਗਿਆ ਹੈ, ਜਿਸ ਨੇ 4 ਫਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਮਨਾਉਣ ਨੂੰ ਮਾਨਤਾ ਦਿੱਤੀ ਹੈ। ਇਸ ਤੋਂ ਬਾਅਦ ਕੈਨੇਡਾ ਦੇ ਸੂਬਾ ਅਲਬਰਟਾ ਦੇ ਸ਼ਹਿਰ ਐਡਮੰਟਨ ਦੇ ਮੇਅਰ ਐਂਡਰਿਊ ਨੈਕ ਨੇ ਵੀ 4 ਫਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਕਈ ਸ਼ਹਿਰਾਂ ਵਿਚ ‘ਸਾਕਾ ਨਕੋਦਰ’ ਨੂੰ ਮਾਨਤਾ ਦਿੱਤੀ ਗਈ ਹੈ।
ਬਰੈਂਪਟਨ ਸਿਟੀ ਕੌਂਸਲ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਬਰੈਂਪਟਨ ਸ਼ਹਿਰ ਪੀੜਤਾਂ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕਰਦਾ ਹੈ। ਉਨ੍ਹਾਂ ਆਪਣੇ ਪੱਤਰ ਵਿਚ ਲਿਖਿਆ ਕਿ 4 ਫਰਵਰੀ ਦਾ ਦਿਨ ਨਕੋਦਰ ਵਰਗੇ ਸ਼ਹਿਰ ਵਿਚ ਚਾਰ ਸਿੱਖ ਨੌਜਵਾਨਾਂ ਦਾ ਕਤਲ ਕੀਤੇ ਜਾਣ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ 4 ਫਰਵਰੀ, 1986 ਵਾਲੇ ਦਿਨ ਸੁਰੱਖਿਆ ਬਲਾਂ ਨੇ ਕਿਸੇ ਚਿਤਾਵਨੀ ਅਤੇ ਮੈਜਿਸਟ੍ਰੇਟ ਦੀ ਲੋੜੀਂਦੀ ਕਾਨੂੰਨੀ ਇਜਾਜ਼ਤ ਤੋਂ ਬਿਨਾਂ ਨਿਹੱਥੇ ਲੋਕਾਂ ‘ਤੇ ਗੋਲੀਬਾਰੀ ਕੀਤੀ ਸੀ। ਇਹ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸ਼ਾਂਤੀਪੂਰਨ ਵਿਰੋਧ ਕਰ ਰਹੇ ਸਨ। ਇਸ ਬੇਅਦਬੀ ਕਾਂਡ ਵਿਚ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਵਿਚੋਂ ਇੱਕ ਦੇ ਪਿਤਾ ਬਲਦੇਵ ਸਿੰਘ ਨੇ ਨਕੋਦਰ ਸਿਵਲ ਹਸਪਤਾਲ ਵਿਚ ਆਪਣੇ ਪੁੱਤਰ ਰਵਿੰਦਰ ਸਿੰਘ ਲਿੱਤਰਾਂ ਅਤੇ ਤਿੰਨ ਹੋਰ ਨੌਜਵਾਨਾਂ ਹਰਮਿੰਦਰ ਸਿੰਘ, ਬਲਧੀਰ ਸਿੰਘ ਅਤੇ ਝਿਲਮਣ ਸਿੰਘ ਗੋਰਸੀਆਂ ਦੀਆਂ ਲਾਸ਼ਾਂ ਦੀ ਪਛਾਣ ਕੀਤੀ ਸੀ। ਬਾਪੂ ਬਲਦੇਵ ਸਿੰਘ ਨੇ 40 ਸਾਲਾਂ ਤੋਂ ਇਨਸਾਫ਼ ਲਈ ਲੜਾਈ ਲੜ ਰਿਹਾ ਹੈ। ਉਹ ਚਾਰ ਦਹਾਕਿਆਂ ਤੋਂ ਇਨਸਾਫ਼ ਅਤੇ ਜਵਾਬਦੇਹੀ ਦੀ ਮੰਗ ਕਰਦਿਆਂ ਇੱਕ ਨਿਰੰਤਰ ਵਿਸ਼ਵਵਿਆਪੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ।
ਬਰੈਂਪਟਨ ‘ਚ 4 ਫਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਮਾਨਤਾ

