#EUROPE

ਬਰਤਾਨੀਆ ‘ਚ ਭਾਰਤੀਆਂ ਵੱਲੋਂ ਵੱਡੀ ਗਿਣਤੀ ‘ਚ ਕੁੜੀਆਂ ਦੀ ਭਰੂਣ ਹੱਤਿਆ : ਰਿਪੋਰਟ

ਲੰਡਨ, 29 ਜਨਵਰੀ (ਪੰਜਾਬ ਮੇਲ)- ਭਾਰਤ ‘ਚ ਮੁੰਡੇ-ਕੁੜੀ ਦੇ ਫ਼ਰਕ ਦੀ ਦਾਸਤਾਨ ਹੁਣ ਬਰਤਾਨੀਆ ‘ਚ ਵੀ ਲਿਖੀ ਜਾ ਰਹੀ ਹੈ, ਜਿਸ ਦਾ ਖ਼ੁਲਾਸਾ ਮੁੰਡੇ ਤੇ ਕੁੜੀਆਂ ਦੇ ਜਨਮ ਸੰਬੰਧੀ ਜਾਰੀ ਹੋਈ ਰਿਪੋਰਟ ਤੋਂ ਹੋਇਆ ਹੈ। ਰਿਪੋਰਟ ‘ਚ ਸਪੱਸ਼ਟ ਹੋਇਆ ਹੈ ਕਿ ਬਰਤਾਨੀਆ ‘ਚ ਰਹਿਣ ਵਾਲੇ ਭਾਰਤੀ ਮਾਪਿਆਂ ਵੱਲੋਂ ਮੁੰਡਿਆਂ ਨੂੰ ਤਰਜੀਹ ਦੇਣ ਕਰਕੇ ਵੱਡੀ ਗਿਣਤੀ ‘ਚ ਕੁੜੀਆਂ ਦਾ ਗਰਭਪਾਤ ਕਰਵਾਇਆ ਜਾ ਰਿਹਾ ਹੈ ਤੇ ਭਰੂਣ ਹੱਤਿਆ ਵੱਡੀ ਗਿਣਤੀ ‘ਚ ਕੀਤੀ ਜਾ ਰਹੀ ਹੈ। ਪਿਛਲੇ 4 ਸਾਲਾਂ ‘ਚ ਲਿੰਗ ਦੇ ਆਧਾਰ ‘ਤੇ ਸੈਂਕੜੇ ਗਰਭਪਾਤ ਕਰਵਾਏ ਗਏ ਹਨ। ਭਾਵੇਂ ਕਿ ਇਸ ਤਰ੍ਹਾਂ ਦੇ ਗਰਭਪਾਤ ਗ਼ੈਰਕਾਨੂੰਨੀ ਹਨ। ਜਾਂਚ ‘ਚ ਪਾਇਆ ਗਿਆ ਕਿ 2021 ਤੇ 2025 ਦੇ ਵਿਚਕਾਰ ਭਾਰਤੀ ਮਾਵਾਂ ਤੋਂ ਪੈਦਾ ਹੋਣ ਵਾਲੀਆਂ 100 ਕੁੜੀਆਂ ਹਨ, ਤਾਂ ਮੰਡਿਆਂ ਦੀ ਔਸਤ ਗਿਣਤੀ ਲਗਭਗ 118 ਹੈ, ਜੋ ਕਿ ਰਾਸ਼ਟਰੀ ਔਸਤ ਗਿਣਤੀ 100 ਕੁੜੀਆਂ ਤੇ 105 ਮੁੰਡਿਆਂ ਨਾਲੋਂ ਕਿਤੇ ਵੱਧ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅੰਕੜੇ ਸਾਬਤ ਕਰਦੇ ਹਨ ਕਿ ਭਾਰਤੀ ਭਾਈਚਾਰੇ ‘ਚ ‘ਲਿੰਗ-ਚੋਣ’ ਗਰਭਪਾਤ ਹੋ ਰਹੇ ਹਨ, ਭਾਰਤੀ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਆਪਣੀਆਂ ਅਣਜੰਮੀਆਂ ਧੀਆਂ ਨੂੰ ਖ਼ਤਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਘਰੇਲੂ ਹਿੰਸਾ ਬਾਰੇ ਸੰਸਥਾ ਜੀਨਾ ਇੰਟਰਨੈਸ਼ਨਲ ਦੀ ਸੰਸਥਾਪਕ ਰਾਣੀ ਬਿਲਖੂ ਨੇ ਕਿਹਾ ਕਿ ਅੰਕੜੇ ਦਰਸਾਉਂਦੇ ਹਨ ਕਿ ਕਿਵੇਂ ਮੁੰਡਿਆਂ ਨੂੰ ਕੁੜੀਆਂ ਨਾਲੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਭਾਈਚਾਰਕ ਦਬਾਅ (ਪਤੀ ਜਾਂ ਪਰਿਵਾਰ) ਵੱਲੋਂ ਔਰਤਾਂ ਨੂੰ ਕੁੜੀਆਂ ਦਾ ਗਰਭਪਾਤ ਕਰਨ ਲਈ ਮਜਬੂਰ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜਿਹੜੀਆਂ ਭਾਰਤੀ ਮਾਵਾਂ ਦੇ ਪਹਿਲਾਂ ਹੀ 2 ਧੀਆਂ ਹੋ ਜਾਂਦੀਆਂ ਹਨ, ਆਪਣੇ ਤੀਜੇ ਬੱਚੇ ਦਾ ਗਰਭਪਾਤ ਕਰਵਾ ਰਹੀਆਂ ਹਨ ਕਿਉਂਕਿ ਉਹ ਪੁੱਤਰ ਚਾਹੁੰਦੀਆਂ ਹਨ।
ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ ਲਗਭਗ 400 ਬੱਚੀਆਂ ਨੂੰ ਖ਼ਤਮ ਕੀਤੇ ਜਾਣ ਦੇ ਬਰਾਬਰ ਅੰਕੜਾ ਸੀ। ਭਾਰਤ ‘ਚ ਮਾਦਾ ਭਰੂਣਾਂ ਦਾ ਗਰਭਪਾਤ ਆਮ ਹੈ, ਜਿੱਥੇ 2018 ‘ਚ ਇਕ ਸਰਕਾਰੀ ਰਿਪੋਰਟ ‘ਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਗਰਭਪਾਤ ਕਾਰਨ ਦੇਸ਼ ਦੀ ਆਬਾਦੀ ‘ਚੋਂ 6 ਕਰੋੜ 30 ਲੱਖ ਔਰਤਾਂ ਗ਼ਾਇਬ ਸਨ। ਸਰਕਾਰੀ ਅੰਕੜਾ ਸੰਗ੍ਰਹਿ ਦੇ ਅੰਕੜਿਆਂ ਨੇ ਬੰਗਲਾਦੇਸ਼ੀ ਤੇ ਪਾਕਿਸਤਾਨੀ ਮਾਵਾਂ ‘ਚ ਕੋਈ ਲਿੰਗ ਅਸੰਤੁਲਨ ਨਹੀਂ ਦਿਖਾਇਆ, ਇਨ੍ਹਾਂ ਦੇਸ਼ਾਂ ਦਾ ਜਨਮ ਅਨੁਪਾਤ ਰਾਸ਼ਟਰੀ ਔਸਤ ਦੇ ਸਮਾਨ ਸੀ। ਸਿਹਤ ਵਿਭਾਗ ਨੇ 2014 ‘ਚ ਲਿੰਗ ਦੇ ਆਧਾਰ ‘ਤੇ ਗਰਭਪਾਤ ਨੂੰ ਲੈ ਕੇ ਸਾਰੇ ਡਾਕਟਰਾਂ ਨੂੰ ਨਿਰਦੇਸ਼ ਜਾਰੀ ਕਰਕੇ ਅਜਿਹਾ ਕਰਨਾ ਗ਼ੈਰਕਾਨੂੰਨੀ ਦੱਸਿਆ ਸੀ। ਹਾਲਾਂਕਿ, ਚਿੰਤਾਵਾਂ ਉਠਾਈਆਂ ਗਈਆਂ ਹਨ ਕਿ ਅਪਰਾਧ ਤੇ ਪੁਲਿਸਿੰਗ ਬਿੱਲ ‘ਚ ਸੋਧ ਰਾਹੀਂ ਗਰਭਪਾਤ ਨੂੰ ਅਪਰਾਧ ਤੋਂ ਮੁਕਤ ਕਰਨ ਦੇ ਪ੍ਰਸਤਾਵ ਹੋਰ ਲਿੰਗ-ਚੋਣਵੇਂ ਗਰਭਪਾਤ ਦੇ ਹੜ੍ਹ ਦਾ ਦਰਵਾਜ਼ਾ ਖੋਲ੍ਹ ਸਕਦੇ ਹਨ। ਲੇਕਿਨ ਲਿੰਗ-ਚੋਣ ਗਰਭਪਾਤ ਨੂੰ ਸਖ਼ਤੀ ਨਾਲ ਰੋਕਣ ਲਈ ਸਮਾਜ-ਸੇਵੀ ਸੰਸਥਾਵਾਂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।