ਲੰਡਨ, 24 ਮਈ (ਪੰਜਾਬ ਮੇਲ)- ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਅਚਾਨਕ ਦੇਸ਼ ਵਿਚ 4 ਜੁਲਾਈ ਨੂੰ ਆਮ ਚੋਣਾਂ ਹੋਣ ਦਾ ਐਲਾਨ ਕਰਨ ਤੋਂ ਬਾਅਦ ਭਾਰਤ ਅਤੇ ਬਰਤਾਨੀਆ ਦਰਮਿਆਨ ਮੁਕਤ ਵਪਾਰ ਸਮਝੌਤਾ (ਐੱਫ.ਟੀ.ਏ.) ਮੁਲਤਵੀ ਹੋਣ ਦੀ ਸੰਭਾਵਨਾ ਹੈ। ਭਾਰਤ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਬਰਤਾਨੀਆ ਵਿਚ ਆਮ ਚੋਣਾਂ ਤੋਂ ਮਹਿਜ਼ ਇੱਕ ਮਹੀਨਾ ਪਹਿਲਾਂ 4 ਜੂਨ ਨੂੰ ਐਲਾਨੇ ਜਾਣਗੇ। ਹਾਲਾਂਕਿ ਸਿਆਸੀ ਵਿਸ਼ਲੇਸ਼ਕਾਂ ਅਤੇ ਰਣਨੀਤਕ ਮਾਹਿਰਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਨਤੀਜਾ ਜੋ ਵੀ ਹੋਵੇ, ਦੁਵੱਲੇ ਸਬੰਧਾਂ ਵਿਚ ਕੋਈ ਖਾਸ ਤਬਦੀਲੀ ਨਹੀਂ ਆਵੇਗੀ ਪਰ ਜਿਸ ਸਮਝੌਤੇ ‘ਤੇ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਸਰਕਾਰ ਦੇ ਅਧੀਨ ਦਸਤਖਤ ਕੀਤੇ ਜਾਣ ਦੀ ਉਮੀਦ ਸੀ, ਹੁਣ ਆਮ ਚੋਣਾਂ ਦੇ ਐਲਾਨ ਕਾਰਨ ਮੁਲਤਵੀ ਹੋਣ ਦੀ ਸੰਭਾਵਨਾ ਹੈ। ਭਾਰਤ ਅਤੇ ਬਰਤਾਨੀਆ ਦਰਮਿਆਨ ਐੱਫ.ਟੀ.ਏ. ‘ਤੇ ਗੱਲਬਾਤ ਜਨਵਰੀ 2022 ਵਿਚ ਸ਼ੁਰੂ ਹੋਈ ਸੀ ਅਤੇ ਇਸ ਦਾ ਉਦੇਸ਼ ਦੁਵੱਲੇ ਵਪਾਰ ਨੂੰ ਵਧਾਉਣਾ ਹੈ। ਮੌਜੂਦਾ ਸਮੇਂ ਦੋਵਾਂ ਦੇਸ਼ਾਂ ਵਿਚ ਇੱਕ ਸਾਲ ਵਿਚ ਲਗਪਗ 38.1 ਅਰਬ ਪੌਂਡ ਦਾ ਵਪਾਰ ਹੁੰਦਾ ਹੈ।
ਬਰਤਾਨੀਆ ‘ਚ ਆਮ ਚੋਣਾਂ: ਭਾਰਤ ਨਾਲ F.T.A. ਟਲਣ ਦੀ ਸੰਭਾਵਨਾ
