#Featured

ਬਜ਼ੁਰਗ ਪੰਜਾਬੀ ਸ਼ਾਇਰ ਈਸ਼ਰ ਸਿੰਘ ਮੋਮਨ ਦਾ ਵਿਪਸਾਅ ਵਲੋਂ ਸਨਮਾਨ

-ਸਰਦਾਰ ਮੋਮਨ ਦੇ ਗ੍ਰਹਿ ਵਿਖੇ ਵਿਸ਼ੇਸ਼ ਸਮਾਗਮ
ਸੈਨਹੋਜ਼ੇ, 3 ਮਈ (ਪੰਜਾਬ ਮੇਲ)- ਪਿਛਲੇ ਦਿਨੀਂ ਵਿਸ਼ਵ ਪੰਜਾਬੀ ਅਕਾਡਮੀ, ਕੈਲੀਫ਼ੋਰਨੀਆ (ਵਿਪਸਾਅ) ਵਲੋਂ ਬਜ਼ੁਰਗ ਪੰਜਾਬੀ ਸ਼ਾਇਰ ਸਰਦਾਰ ਈਸ਼ਰ ਸਿੰਘ ਮੋਮਨ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਇਕ ਵਿਸ਼ੇਸ਼ ਸਮਾਗਮ ‘ਚ ਸਨਮਾਨਤ ਕੀਤਾ ਗਿਆ। ਸਰਦਾਰ ਈਸ਼ਰ ਸਿੰਘ ਮੋਮਨ ਉਮਰ ਦੇ 97ਵੇਂ ਸਾਲ ਵਿਚ ਹਨ ਅਤੇ ਸਿਹਤ ਠੀਕ ਨਾ ਹੋਣ ਕਰਕੇ ਘਰੋਂ ਬਾਹਰ ਜਾਣ ਦੇ ਸਮਰਥ ਨਹੀਂ ਹਨ। ਵਿਪਸਾਅ ਪ੍ਰਧਾਨ ਕੁਲਵਿੰਦਰ ਦੀ ਅਗਵਾਈ ਹੇਠ ਇਹ ਸਮਾਗਮ ਉਨ੍ਹਾਂ ਦੇ ਘਰ ਵਿਚ ਹੀ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ, ਜੋ ਉਨ੍ਹਾਂ ਦੇ ਪਰਿਵਾਰ ਦੀ ਸਹਿਮਤੀ ਨਾਲ ਖੁਸ਼ਗਵਾਰ ਰਿਹਾ।  ਸਰਦਾਰ ਮੋਮਨ ਨੂੰ ਵਿਪਸਾਅ ਵਲੋਂ ਸਨਮਾਨ ਪੱਤਰ ਅਤੇ ਸਿਰੋਪੇ ਵਜੋਂ ਲੋਈ ਦੇ ਕੇ ਉਨ੍ਹਾਂ ਦੀਆਂ ਪੰਜਾਬੀ ਬੋਲੀ ਅਤੇ ਸ਼ਾਇਰੀ ਦੇ ਖੇਤਰ ਵਿਚ ਦਿੱਤੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ।
ਹਾਜ਼ਰ ਮੈਂਬਰਾਂ ਨੇ ਸਰਦਾਰ ਮੋਮਨ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਦੀ ਪ੍ਰਸ਼ੰਸਾ ਕੀਤੀ। ਸ਼ਾਇਰਾ ਸੁਰਜੀਤ ਸਖੀ, ਕੁਲਵਿੰਦਰ ਲਾਜ ਨੀਲਮ ਸੈਣੀ, ਤਾਰਾ ਸਿੰਘ ਸਾਗਰ, ਗੁਲਸ਼ਨ ਦਿਆਲ, ਸੁਖਦੇਵ ਸਾਹਿਲ, ਸੁਰਿੰਦਰ ਸੀਰਤ ਅਤੇ ਜਗਜੀਤ ਨੌਸ਼ਿਹਰਵੀ ਨੇ ਇਸ ਸਮਾਗਮ ‘ਚ ਹਾਜ਼ਰੀ ਲਵਾਈ। ਮੋਮਨ ਜੀ ਦੀ ਨੌਂਹ ਰਾਣੀ ਮਨਜੀਤ ਕੌਰ ਅਤੇ ਸਪੁੱਤਰ ਪਰਦੀਪ ਸਿੰਘ ਪਾਬਲਾ ਨੇ ਸੁਯੋਗ ਸਾਥ ਦਿੱਤਾ। ਲਾਜ ਨੀਲਮ ਸੈਣੀ ਨੇ ਸਰਦਾਰ ਮੋਮਨ ਦੀਆਂ ਕੁਝ ਪੁਰਾਣੀਆਂ ਰਚਨਾਵਾਂ ਪੜ੍ਹਕੇ ਸੁਣਾਈਆਂ। ਹੋਰ ਮੈਂਬਰਾਂ ਨੇ ਵੀ ਮੋਮਨ ਜੀ ਦੇ ਕੁਝ ਮਨਭਾਉਂਦੇ ਸ਼ੇਅਰ ਸਾਂਝੇ ਕੀਤੇ। ਸੁਰਜੀਤ ਸਖੀ ਨੇ ਸਰਦਾਰ ਮੋਮਨ ਦੀ ਨਿੱਘੀ ਸ਼ਖਸੀਅਤ ਦਾ ਜ਼ਿਕਰ ਕੀਤਾ। ਲਾਜ ਨੀਲਮ ਸੈਣੀ ਨੇ ਕਿਹਾ ਕਿ ਮੋਮਨ ਸਾਹਿਬ ਮੈਨੂੰ ਹਮੇਸ਼ਾਂ ਆਪਣੇ ਪਰਿਵਾਰ ਦਾ ਜੀਅ ਸਮਝਦੇ ਹਨ ਅਤੇ ਮੈਂ ਉਨ੍ਹਾਂ ਵਲੋਂ ਦਿੱਤੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ। ਲਾਜ ਨੀਲਮ ਸੈਣੀ, ਕੁਲਵਿੰਦਰ ਅਤੇ ਸਮਾਗਮ ਤੋਂ ਬਾਅਦ ਪਹੁੰਚੇ ਸੁਰਿੰਦਰ ਸੀਰਤ ਨੇ ਆਪਣੀਆਂ ਅਤੇ ਵਿਪਸਾਅ ਵਲੋਂ ਨਵੀਆਂ ਛਪੀਆ ਕੁੱਝ ਕਿਤਾਬਾਂ ਈਸ਼ਰ ਸਿੰਘ ਮੋਮਨ ਨੂੰ ਭੇਂਟ ਕੀਤੀਆਂ।
ਸਰਦਾਰ ਈਸ਼ਰ ਸਿੰਘ ਮੋਮਨ ਦਾ ਜਨਮ ਅਣਵੰਡੇ ਪੰਜਾਬ ਦੇ ਪਿੰਡ ਲੰਗੜੋਆ (ਹੁਣ ਜ਼ਿਲ੍ਹਾ ਨਵਾਂ ਸ਼ਹਿਰ) ਵਿਚ ਹੋਇਆ ਸੀ। ਮੁੱਛ-ਫੁੱਟ ਉਮਰ ਵਿਚ ਫੌਜ ਵਿਚ ਭਰਤੀ ਹੋ ਗਏ ਅਤੇ ਦੂਜੀ ਸੰਸਾਰ ਜੰਗ ਵਿਚ ਬਰਮਾ ਖੇਤਰ ਵਿਚ ਤਾਇਨਾਤ ਰਹੇ। ਜੰਗ ਮੁੱਕਣ ਤੋਂ ਬਾਅਦ ਉਹ ਵਾਪਸ ਪਿੰਡ ਆ ਗਏ ਅਤੇ ਕੋਈ ਕਿੱਤਾ ਅਪਨਾਉਣ ਦੀ ਖਾਹਿਸ਼ ਨਾਲ ਅੰਮ੍ਰਿਤਸਰ ਤੋਂ ਟੈਕਸਟਾਈਲ ਅਤੇ ਹੈਂਡਲੂਮ ਦੀ ਟਰੇਨਿੰਗ ਅਤੇ ਤਜ਼ਰਬਾ ਹਾਸਲ ਕੀਤਾ ਅਤੇ ਦਿੱਲੀ ਵਿਚ ਨੌਕਰੀ ਲਈ ਚਲੇ ਗਏ, ਜਿੱਥੇ ਉਨ੍ਹਾਂ ਤਕਨੀਕੀ ਸਹਾਇਕ ਅਤੇ ਮੈਨੇਜ਼ਰ ਦੇ ਤੌਰ ‘ਤੇ 1984 ਤੱਕ ਕੰਮ ਕੀਤਾ ਅਤੇ ਇਕ ਚੰਗੇ ਮੈਨੇਜਰ ਵਜੋਂ ਬਹੁਤ ਸਤਿਕਾਰ ਪਾਇਆ। ਦਿੱਲੀ ਵਿਚ ਰਹਿੰਦਿਆਂ ਉਹ ਪੰਜਾਬੀ ਸਾਹਿਤ ਸਭਾਵਾਂ ਨਾਲ ਵਾਬਸਤਾ ਰਹੇ ਅਤੇ ਧਾਰਮਿਕ ਕਵਿਤਾ ਲਿਖਦੇ। ਦੂਰ-ਦੁਰਾਡੇ ਸ਼ਹਿਰਾਂ ਵਿਚ ਵੱਸਦੀ ਸਿੱਖ ਸੰਗਤ ਦੇ ਸੱਦੇ ‘ਤੇ ਉਹ ਕਵੀ ਦਰਬਾਰਾਂ ਵਿਚ ਹਿੱਸਾ ਲੈਣ ਜਾਂਦੇ।  1984 ਦੇ ਨਵੰਬਰ ਮਹੀਨੇ ਵਿਚ ਉਹ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿਚ ਆਣ ਵੱਸੇ। ਕੁਝ ਚਿਰ ਸਾਹਿਤਕ ਮਾਹੌਲ ਤੋਂ ਟੁੱਟੇ ਰਹੇ ਪਰ ਜਦ ਕੈਲੀਫ਼ੋਰਨੀਆ ਸਾਹਿਤ ਸਭਾ ਦਾ ਗਠਨ ਹੋਇਆ, ਤਾਂ ਉਹ ਬਹੁਤ ਬਕਾਇਦਗੀ ਨਾਲ ਲਿਖਣ ਲੱਗੇ। ਦਿੱਲੀ ਰਹਿੰਦਿਆਂ ਉਨ੍ਹਾਂ ਦੀਆਂ ਕੁਝ ਕਿਤਾਬਾਂ ਛਪੀਆਂ ਸਨ ਪਰ ਕੈਲੀਫ਼ੋਰਨੀਆ ਰਹਿੰਦਿਆਂ ਉਹ ਬਹੁਤ ਹੀ ਤਨਜ਼ ਭਰਪੂਰ ਸ਼ੇਅਰ ਕਹਿੰਦੇ ਅਤੇ ਸਰੋਤਿਆਂ ਦੀ ਪ੍ਰਸ਼ੰਸਾ ਹਾਸਲ ਕਰਦੇ। ਉਨ੍ਹਾਂ ਨੇ ਏਥੇ ਰਹਿੰਦਿਆਂ ਦੋ ਗ਼ਜ਼ਲ ਸੰਗ੍ਰਿਹ ”ਗ਼ਜ਼ਲ ਗੁਲਜ਼ਾਰ” ਅਤੇ ”ਕਲਮਾਂ ਦੀ ਕਸਤੂਰੀ” ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ। ਜਗਜੀਤ ਨੌਸ਼ਹਿਰਵੀ ਨੇ ਦੱਸਿਆ ਕਿ ਸਰੋਤੇ ਅਕਸਰ ਮੋਮਨ ਜੀ ਤੋਂ ਉਨ੍ਹਾਂ ਦੇ ਕੁਝ ਖ਼ਾਸ ਸ਼ੇਅਰ ਸੁਣਨ ਦੀ ਫਰਮਾਇਸ਼ ਕਰਦੇ। ਅੱਜਕੱਲ੍ਹ ਸਰਦਾਰ ਮੋਮਨ ਸਾਹਿਤਕ ਸਮਾਗਮਾਂ ਵਿਚ ਹਿੱਸਾ ਨਹੀਂ ਲੈਂਦੇ ਪਰ ਉਨ੍ਹਾਂ ਦਾ ਜ਼ਿਕਰ ਅਕਸਰ ਚਲਦਾ ਰਹਿੰਦਾ ਹੈ। ਉਹ ਆਪਣੇ ਸ਼ੇਅਰਾਂ ਵਿਚ ਤਨਜ਼ ਅਤੇ ਮਜ਼ਾਹ ਵਰਤਦਿਆਂ ਮਾਡਰਨ ਅਮਰੀਕੀ ਜ਼ਿੰਦਗੀ ਵਿਚਲੀ ਬੋਰੀਅਤ ਅਤੇ ਪੇਤਲੇਪਣ ਦਾ ਪਰਦਾਫਾਸ਼ ਕਰਦੇ ਤਾਂ ਸਰੋਤੇ ਖੁਦ ਉੱਪਰ ਹੱਸਣ ਲਈ ਮਜਬੂਰ ਹੋ ਜਾਂਦੇ ਹਨ। ਅਸੀਂ ਆਸ ਕਰਦੇ ਹਾਂ ਕਿ ਸਰਦਾਰ ਮੋਮਨ ਫਿਰ ਸਿਹਤਯਾਬ ਹੋਣ ਅਤੇ ਫਿਰ ਕਵੀ ਦਰਬਾਰਾਂ ਵਿਚ ਹਿੱਸਾ ਲੈਣ। ਸਰਦਾਰ ਮੋਮਨ ਨੇ ਵਿਪਸਾਅ ਮੈਂਬਰਾਂ ਦਾ ਇਸ ਤਰ੍ਹਾਂ ਆ ਕੇ ਪਿਆਰ ਅਤੇ ਮਾਣ ਦੇਣ ਲਈ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੇ ਇਸ ਪਿਆਰ ਸਤਿਕਾਰ ਸਦਕਾ ਮੇਰੀ ਉਮਰ ਹੋਰ ਲੰਮੇਰੀ ਹੋ ਗਈ ਹੈ।

Leave a comment