ਕੋਨਾਕਰੀ/ਗਿਨੀ, 2 ਦਸੰਬਰ (ਪੰਜਾਬ ਮੇਲ)- ਅਫਰੀਕੀ ਦੇਸ਼ ਗਿਨੀ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਭੀੜ ਨਾਲ ਭਰੇ ਸਟੇਡੀਅਮ ਵਿਚ ਫੁੱਟਬਾਲ ਮੈਚ ਦੌਰਾਨ ਹੋਈ ਝੜਪ ਮਗਰੋਂ ਮਚੀ ਭਾਜੜ ਵਿਚ ਬੱਚਿਆਂ ਸਮੇਤ ਕਈ ਫੁੱਟਬਾਲ ਪ੍ਰਸ਼ੰਸਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਅਤੇ ਸਿਆਸੀ ਪਾਰਟੀਆਂ ਦੇ ਗੱਠਜੋੜ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਝੜਪਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਇੱਗਿਨੀ ਦੇ ਪ੍ਰਧਾਨ ਮੰਤਰੀ ਅਮਾਡੋ ਓਰੀ ਬਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕਿਹਾ ਕਿ ਗਿਨੀ ਦੇ ਫੌਜੀ ਨੇਤਾ ਮਾਮਾਦੀ ਡੋਮਬੂਆ ਦੇ ਸਨਮਾਨ ‘ਚ ਐਤਵਾਰ ਦੁਪਹਿਰ ਨੂੰ ਆਯੋਜਿਤ ਸਥਾਨਕ ਟੂਰਨਾਮੈਂਟ ਦੇ ਫਾਈਨਲ ਦੌਰਾਨ ਭਾਜੜ ਦੀ ਇਹ ਘਟਨਾ ਵਾਪਰੀ। ਹਾਲਾਂਕਿ ਉਨ੍ਹਾਂ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ। ਇਹ ਮੈਚ ਨੇਜ਼ਾਰੇਕੋਰ ਸ਼ਹਿਰ ਵਿਚ ਲੈਬੇ ਦੀ ਟੀਮ ਅਤੇ ਨੇਜ਼ਾਰੇਕੋਰ ਦੀ ਟੀਮ ਵਿਚਕਾਰ ਹੋ ਰਿਹਾ ਸੀ। ਘਟਨਾ ਦੀ ਵਾਇਰਲ ਵੀਡੀਓ ਵਿਚ ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੂੰ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਦਿਖਾਇਆ ਗਿਆ ਹੈ ਅਤੇ ਕਈ ਹੋਰਾਂ ਨੂੰ ਕੰਧ ਟੱਪ ਕੇ ਬਾਹਰ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦੇ ਦਿਖਾਇਆ ਗਿਆ ਹੈ।
ਸਿਆਸੀ ਪਾਰਟੀਆਂ ਦੇ ਗੱਠਜੋੜ ਨੈਸ਼ਨਲ ਅਲਾਇੰਸ ਫਾਰ ਅਲਟਰਨੇਟਿਵ ਐਂਡ ਡੈਮੋਕਰੇਸੀ ਨੇ ਇਕ ਬਿਆਨ ‘ਚ ਕਿਹਾ ਕਿ ਭਾਜੜ ‘ਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਦੱਸਿਆ ਕਿ ਝੜਪ ਕਾਰਨ ਮਚੀ ਭਾਜੜ ਤੋਂ ਬਾਅਦ ਪੈਦਾ ਹੋਈ ਹਫੜਾ-ਦਫੜੀ ਦੀ ਸਥਿਤੀ ਨੂੰ ਕੰਟਰੋਲ ਕਰਨ ਅਤੇ ਸ਼ਾਂਤੀ ਬਹਾਲੀ ਲਈ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਸਥਾਨਕ ‘ਮੀਡੀਆ ਗਿਨੀ’ ਦੀ ਖਬਰ ਮੁਤਾਬਕ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਬੱਚੇ ਵੀ ਸ਼ਾਮਲ ਹਨ। ਹਸਪਤਾਲ ‘ਚ ਇਲਾਜ ਅਧੀਨ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।