ਚੰਡੀਗੜ੍ਹ, 23 ਦਸੰਬਰ (ਪੰਜਾਬ ਮੇਲ)- ਹਾਈਕੋਰਟ ਨੇ ਫਿਰੋਜ਼ਪੁਰ ਜੇਲ੍ਹ ‘ਚ ਚੱਲ ਰਹੇ ਡਰੱਗ ਮਾਮਲੇ ‘ਤੇ ਸਖਤ ਰੁਖ ਵਿਖਾਇਆ ਹੈ ਅਤੇ ਸਰਕਾਰ ਨੂੰ ਝਾੜ ਪਾਈ ਹੈ। ਅਦਾਲਤ ਨੇ ਪੰਜਾਬ ਸਰਕਾਰ ਨੂੰ ਮਾਮਲੇ ‘ਚ ਸਖਤੀ ਨਾਲ ਪੁਛਿਆ ਹੈ ਕਿ ਕਿਉਂ ਨਾ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ।
ਇਕੱਲੇ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ ਹੀ ਪਿਛਲੇ 9 ਮਹੀਨਿਆਂ ਦੌਰਾਨ ਮੁਲਜ਼ਮਾਂ ਵੱਲੋਂ 43000 ਫੋਨ ਕਾਲਾਂ ਹੋਈਆਂ ਹਨ। ਇਹ ਹੈਰਾਨੀਜਨਕ ਅੰਕੜਾ ਪੰਜਾਬ-ਹਰਿਆਣਾ ਹਾਈਕੋਰਟ ‘ਚ ਫਿਰੋਜ਼ਪੁਰ ਜੇਲ੍ਹ ਵਿੱਚ ਡਰੱਗ ਰੈਕੇਟ ਅਤੇ ਫੋਨ ਕਾਲਾਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਸਾਹਮਣੇ ਆਏ। ਭਾਵੇਂ ਮਾਰਚ ਮਹੀਨੇ ‘ਚ ਮਾਮਲੇ ‘ਚ ਐਫਆਈਆਰ ਦਰਜ ਕੀਤੀ ਗਈ ਸੀ, ਪਰ ਸਰਕਾਰ ਵੱਲੋਂ ਕਾਰਵਾਈ ਦੀ ਥਾਂ ਸਿਰਫ਼ ਖਾਨਾਪੂਰਤੀ ਕੀਤੀ ਗਈ ਅਤੇ ਹੁਣ ਤੱਕ ਇੱਕ ਅਧਿਕਾਰੀ ‘ਤੇ ਹੀ ਕਾਰਵਾਈ ਹੋਈ।
ਇਹ ਦਾਅਵਾ ਉਦੋਂ ਆਇਆ ਜਦੋਂ ਹਾਈਕੋਰਟ ਦੇ ਜਸਟਿਸ ਐਨਐਸ ਸ਼ੇਖਾਵਤ ਨੇ ਪੰਜਾਬ ਦੇ ਵਿਸ਼ੇਸ਼ ਡੀਜੀ, ਅੰਦਰੂਨੀ ਸੁਰੱਖਿਆ ਨੂੰ ਅਗਲੀ ਸੁਣਵਾਈ ਦੀ ਤਰੀਕ ‘ਤੇ ਅਦਾਲਤ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਵਿੱਚ ਜਸਟਿਸ ਸ਼ੇਖਾਵਤ ਨੇ ਜਾਂਚ ਦੀ ਨਿਗਰਾਨੀ ਕਰਨ ਵਿੱਚ ਸਪੱਸ਼ਟ ਅਸਫਲਤਾ ਲਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੂੰ ਵੀ ਝਾੜ ਪਾਈ।
ਜੇਲ੍ਹ ਅੰਦਰੋਂ ਮੁਲਜ਼ਮਾਂ ਵੱਲੋਂ 43000 ਫੋਨ ਕਾਲਾਂ ਕੀਤੇ ਜਾਣ ਦੀ ਜਾਣਕਾਰੀ ਬਾਰੇ ਹਾਈਕੋਰਟ ਨੇ ਐਡੀਸ਼ਨਲ ਡਾਇਰੈਕਟਰ-ਜਨਰਲ ਆਫ਼ ਪੁਲਿਸ ਜੇਲ੍ਹਾਂ ਵੱਲੋਂ ਦਾਇਰ ਹਲਫਨਾਮੇ ਦਾ ਹਵਾਲਾ ਦਿੱਤਾ। ਹਾਈਕੋਰਟ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਜੇਲ੍ਹ ਵਿੱਚ ਬੰਦ ਤਿੰਨ ਮੁਲਜ਼ਮਾਂ ਨੂੰ ਸਹਿ-ਮੁਲਜ਼ਮਾਂ ਵੱਲੋਂ ਹੀ ਫੋਨ ਅਤੇ ਸਿਮ ਕਾਰਡ ਦਿੱਤੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਵੱਲੋਂ ਵਰਤਿਆ ਗਿਆ ਮੋਬਾਈਲ ਫ਼ੋਨ 1 ਮਾਰਚ, 2019 ਤੋਂ 31 ਮਾਰਚ, 2019 ਤੱਕ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਇੱਕੋ ਥਾਂ ਸਰਗਰਮ ਰਿਹਾ, ਜਿਸ ਰਾਹੀਂ 38850 ਕਾਲਾਂ ਹੋਈਆਂ, ਜਦਕਿ ਦੂਜਾ ਮੋਬਾਈਲ 9 ਅਕਤੂਬਰ 2021 ਤੋਂ ਇਸ ਸਾਲ 14 ਫਰਵਰੀ ਤੱਕ ਜੇਲ੍ਹ ਵਿੱਚ ਸਰਗਰਮ ਰਿਹਾ ਅਤੇ ਇਸ ਨੰਬਰ ਦੀ ਵਰਤੋਂ ਕਰਕੇ 4,582 ਕਾਲਾਂ ਕੀਤੀਆਂ ਗਈਆਂ।
ਹਾਈਕੋਰਟ ਨੇ ਮਾਮਲੇ ‘ਚ ਕਈ ਸਵਾਲ ਖੜੇ ਕੀਤੇ। ਹਾਈਕੋਰਟ ਨੇ ਕਿਹਾ ਕਿ ਮਾਮਲੇ ‘ਚ ਐਫਆਈਆਰ 24 ਮਾਰਚ ਨੂੰ ਹੋਈ, ਪਰ ਅਜੇ ਤੱਕ ਵੀ ਇਸ ਗੰਭੀਰ ਮਾਮਲੇ ਵਿੱਚ ਕਾਰਵਾਈ ਨਾ ਦੇ ਬਰਾਬਰ ਹੋਈ ਹੈ । ਮਾਮਲੇ ਵਿੱਚ ਕਾਰਵਾਈ ਨਾ ਹੋਣਾ ਤੋਂ ਜ਼ਾਹਰ ਹੁੰਦਾ ਹੈ ਕਿ ਇਹ ਸਭ ਮੁਲਜ਼ਮ ਅਧਿਕਾਰੀਆਂ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੋਵੇ।
ਹੁਣ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿੱਚ ਵੀ ਸਖਤ ਹੁਕਮ ਕਰਦੇ ਹੋਏ ਜਿਸ ਜੇਲ੍ਹ ਵਿਚੋਂ ਮੋਬਾਈਲ ਮਿਲਿਆ, ਉਸ ਦੇ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕਰਨ ਲਈ ਵੀ ਕਿਹਾ ਗਿਆ ਹੈ।
ਮਾਮਲੇ ਵਿੱਚ ਭਾਵੇਂ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਸੀਬੀਆਈ ਨੂੰ ਜਾਂਚ ਸੌਂਪਣ ਬਾਰੇ ਵੀ ਪੁੱਛਿਆ ਗਿਆ।
ਪੰਜਾਬ ਸਰਕਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਵਿੱਚ ਨੋਟਿਸ ਜਾਂ ਝਾੜ ਪੈਂਦੀ ਵਿਖਾਈ ਦੇ ਰਹੀ ਹੈ। ਹੁਣ
ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਜਦੋਂ ਮਾਮਲੇ ਵਿੱਚ ਮਾਰਚ ਮਹੀਨੇ ਵਿੱਚ ਅੰਦਰ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਹੁਣ ਤੱਕ 9 ਮਹੀਨਿਆਂ ਅੰਦਰ ਫਿਰੋਜ਼ਪੁਰ ਜੇਲ੍ਹ ਵਿਚੋਂ 2 ਫੋਨ ਨੰਬਰਾਂ ਰਾਹੀਂ 43000 ਕਾਲਾਂ ਹੋਈਆਂ ਹਨ, ਪਰ ਇਨ੍ਹਾਂ 9 ਮਹੀਨਿਆਂ ਵਿੱਚ ਜਾਂਚ ਦੇ ਬਾਵਜੂਦ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਅਪਰਾਧੀਆਂ ਤੋਂ ਕਿਉਂ ਨਹੀਂ ਪੁੱਛਿਆ ਗਿਆ ਕਿ ਕਿਹੜੇ ਅਧਿਕਾਰੀਆਂ ਦੀ ਮਿਲੀਭੁਗਤ ਹੈ। ਹਾਈਕੋਰਟ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ, ਹੁਣ ਕਿਉਂ ਨਾ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ।
ਹਾਈਕੋਰਟ ਨੇ ਕਿਹਾ, ਮਾਮਲਾ ਗੰਭੀਰ ਹੈ, ਇਕ ਦੋ ਨਹੀਂ ਬਲਕਿ ਕਈ ਹੋਰ ਨੰਬਰ ਵੀ ਜੇਲ੍ਹ ਤੋਂ ਸਰਗਰਮ ਹਨ। ਇੱਥੋਂ ਤੱਕ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ, ਕੀ ਹਰ ਕੋਈ ਇਸ ਰੈਕੇਟ ਵਿੱਚ ਸ਼ਾਮਲ ਹੈ?