ਸੈਕਰਾਮੈਂਟੋ, 30 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫਲੋਰਿਡਾ ‘ਚ ਇਕ ਹੈਲੀਕਾਪਟਰ ਤਬਾਹ ਹੋਣ ਦੀ ਖਬਰ ਹੈ। ਇਸ ਘਟਨਾ ਵਿਚ 2 ਵਿਅਕਤੀ ਮਾਰੇ ਗਏ ਤੇ 2 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਕੈਪਟਨ ਟੈਰੀਸਨ ਜੈਕਸਨ ਸ਼ਾਮਿਲ ਹੈ, ਜੋ ਹੈਲੀਕਾਪਟਰ ਵਿਚ ਸਵਾਰ ਸੀ। ਇਸ ਤੋਂ ਇਲਾਵਾ ਇਕ ਔਰਤ ਸ਼ਾਮਲ ਹੈ, ਜੋ ਉਸ ਅਪਾਰਟਮੈਂਟ ਕੰਪਲੈਕਸ ਵਿਚ ਰਹਿੰਦੀ ਸੀ, ਜਿਥੇ ਹੈਲੀਕਾਪਟਰ ਡਿੱਗਾ। ਅਧਿਕਾਰੀਆਂ ਅਨੁਸਾਰ ਤਕਰੀਬਨ ਸਵੇਰੇ 8.46 ਵਜੇ ਇਹ ਘਟਨਾ ਵਾਪਰੀ, ਜਿਸ ਵਿਚ ਬੀ.ਐੱਸ.ਓ. ਫਾਇਰ ਰੈਸਕਿਊ ਦਾ ਹੈਲੀਕਾਪਟਰ ਪੋਮਪਾਨੋ ਬੀਚ ਏਅਰਪਾਰਕ ਤੋਂ ਅੱਧਾ ਮੀਲ ਦੂਰ ਉਡਾਣ ਦੌਰਾਨ ਅੱਗ ਲੱਗਣ ਉਪਰੰਤ ਇਕ ਇਮਾਰਤ ਉਪਰ ਆ ਡਿੱਗਾ। ਬਰੋਅਵਰਡ ਕਾਊਂਟੀ ਸ਼ੈਰਿਫ ਵਿਭਾਗ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਪੋਮਪਾਨੋ ਬੀਚ ਫਾਇਰ ਰੈਸਕਿਊ ਵਿਭਾਗ ਨੇ 2 ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਨੁਸਾਰ ਹੈਲੀਕਾਪਟਰ ‘ਚ ਬਰੋਅਵਰਡ ਸ਼ੈਰਿਫ ਫਾਇਰ ਰੈਸਕਿਊ ਵਿਭਾਗ ਦੇ 3 ਮੁਲਾਜ਼ਮ ਸਨ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ, ਜਦਕਿ ਬਾਕੀ 2 ਜ਼ਖਮੀ ਹਾਲਤ ਵਿਚ ਹਨ, ਜਿਨਾਂ ਦੀ ਹਾਲਤ ਸਥਿਰ ਹੈ।