-ਨੌਜਵਾਨ ਦੇ ਕਬਜ਼ੇ ‘ਚੋਂ ਬਰਾਮਦ ਹੋਏ ਧਮਕੀਆਂ ਭਰੇ ਲਿਖਤੀ ਪੱਤਰ
ਸੈਕਰਾਮੈਂਟੋ, 10 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ਰਾਜ ਦੇ ਦੱਖਣ ਵਿਚ ਇਕ ਟਰੱਕ ਵਿਚੋਂ ਧਮਕੀਆਂ ਭਰੇ ਲਿਖਤੀ ਨੋਟ ਮਿਲਣ ਉਪਰੰਤ ਟਰੱਕ ਦੇ ਡਰਾਈਵਰ ਇਕ 19 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਣ ਦੀ ਰਿਪੋਰਟ ਹੈ। ਪਾਮ ਬੀਚ ਕਾਊਂਟੀ ਦੇ ਸ਼ੈਰਿਫ ਦਫਤਰ ਦੇ ਇਕ ਹਲਫੀਆ ਬਿਆਨ ਅਨੁਸਾਰ ਇਕ ਟਰੈਫਿਕ ਸਟਾਪ ‘ਤੇ ਆਮ ਵਾਂਗ ਛਾਣਬੀਣ ਦੌਰਾਨ ਹੈਨਰੀ ਹੋਰਟਨ ਨਾਮੀ ਨੌਜਵਾਨ ਜਿਸ ਪਿਕਅੱਪ ਟਰੱਕ ਨੂੰ ਚਲਾ ਰਿਹਾ ਸੀ, ਉਸ ਵਿਚੋਂ ਕਈ ਲਿਖਤੀ ਪੱਤਰ ਬਰਾਮਦ ਹੋਏ ਜਿਨ੍ਹਾਂ ਵਿਚ ਹਥਿਆਰ ਖਰੀਦਣ ਤੇ ਉਪਰੰਤ ਓਕੀਕੋਬੀ ਹਾਈ ਸਕੂਲ ਦੇ ਹਰ ਵਿਅਕਤੀ ਨੂੰ ਮਾਰ ਦੇਣ ਦੀ ਯੋਜਨਾ ਦਾ ਜ਼ਿਕਰ ਕੀਤਾ ਗਿਆ ਸੀ। ਹੋਰਟਨ ਨੇ ਮਈ 2022 ‘ਚ ਓਕੀਕੋਬੀ ਕਾਊਂਟੀ ਵਿਚ ਸਥਿਤ ਉਕਤ ਹਾਈ ਸਕੂਲ ਤੋਂ ਗਰੈਜੂਏਸ਼ਨ ਕੀਤੀ ਸੀ। ਹਲਫੀਆ ਬਿਆਨ ਅਨੁਸਾਰ ਹੋਰਟਨ ਨੇ ਗ੍ਰਿਫਤਾਰੀ ਉਪਰੰਤ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਕੁਝ ਸਮਾਂ ਪਹਿਲਾਂ ਦਿਮਾਗੀ ਸਮੱਸਿਆ ਪੈਦਾ ਹੋਈ ਸੀ ਤੇ ਉਸ ਦੇ ਦਿਮਾਗ ਵਿਚ ਸਮੂਹਿਕ ਹੱਤਿਆਵਾਂ ਕਰਨ ਦੇ ਵਿਚਾਰ ਆਉਂਦੇ ਹਨ। ਉਹ ਆਪਣੇ 22ਵੇਂ ਜਨਮ ਦਿਨ ‘ਤੇ 2 ਜਨਵਰੀ 2026 ਨੂੰ ਹਾਈ ਸਕੂਲ ਦੇ 15 ਲੋਕਾਂ ਨੂੰ ਮਾਰਨਾ ਚਾਹੁੰਦਾ ਸੀ। ਪੁਲਿਸ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਉਹ ਕਿਥੇ ਜਾ ਰਿਹਾ ਸੀ, ਤਾਂ ਉਸ ਨੇ ਕਿਹਾ ਉਹ ਮਿਆਮੀ ਦੇ ਇਕ ਚਰਚ ਵਿਚ ਜਾਣਾ ਚਾਹੁੰਦਾ ਸੀ, ਜਿਥੇ ਵੀ ਉਸ ਦੀ ਸਮੂਹਿਕ ਹੱਤਿਆਵਾਂ ਕਰਨ ਦੀ ਯੋਜਨਾ ਸੀ। ਸੁਪਰਡੈਂਟ ਕੇਨ ਕੇਨਵਰਥੀ ਨੇ ਕਿਹਾ ਹੈ ਕਿ ਓਕੀਕੋਬੀ ਕਾਊਂਟੀ ਸਕੂਲ ਡਿਸਟ੍ਰਿਕਟ ਇਸ ਮਾਮਲੇ ਦੀ ਜਾਂਚ ਵਿਚ ਸ਼ੈਰਿਫ ਦਫਤਰ ਤੇ ਸਟੇਟ ਅਟਾਰਨੀ ਦਫਤਰ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ।