#EUROPE

ਫਰਾਂਸ ਸਰਕਾਰ ਵੱਲੋਂ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਕਿਰਿਆ ਆਸਾਨ ਬਣਾਉਣ ਦਾ ਐਲਾਨ

ਪੈਰਿਸ, 23 ਫਰਵਰੀ (ਪੰਜਾਬ ਮੇਲ)- ਅਮਰੀਕਾ-ਕੈਨੇਡਾ ਵੱਲੋਂ ਆਪਣੇ ਇਮੀਗ੍ਰੇਸ਼ਨ ਨਿਯਮਾਂ ‘ਚ ਸਖਤੀ ਕੀਤੀ ਜਾ ਰਹੀ ਹੈ, ਉੱਥੇ ਹੀ ਫਰਾਂਸ ਸਰਕਾਰ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ਪੜ੍ਹਾਈ ਕਰਨ ਲਈ ਆਕਰਸ਼ਿਤ ਕਰਨ ਵਾਸਤੇ ਵੀਜ਼ਾ ਪ੍ਰਕਿਰਿਆ ਨੂੰ ਬੇਹੱਦ ਆਸਾਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਤਾਜ਼ਾ ਗੱਲਬਾਤ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਫਰਾਂਸ ਹੁਣ ਭਾਰਤੀ ਪ੍ਰਤਿਭਾ ਲਈ ਆਪਣੇ ਵਿੱਦਿਅਕ ਅਦਾਰਿਆਂ ਦੇ ਰਾਹ ਹੋਰ ਸੁਖਾਲੇ ਕਰ ਰਿਹਾ ਹੈ।
ਫਰਾਂਸ ਸਰਕਾਰ ਨੇ ਸਾਲ 2030 ਤੱਕ 30,000 ਭਾਰਤੀ ਵਿਦਿਆਰਥੀਆਂ ਨੂੰ ਫਰੈਂਚ ਯੂਨੀਵਰਸਿਟੀਆਂ ਵਿਚ ਦਾਖਲਾ ਦੇਣ ਦਾ ਟੀਚਾ ਰੱਖਿਆ ਹੈ। ਫਰਾਂਸ ਤੋਂ ਮਾਸਟਰਜ਼ ਜਾਂ ਉਸ ਤੋਂ ਉੱਚੀ ਡਿਗਰੀ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਹੁਣ 5 ਸਾਲ ਦਾ ਲੰਬੀ ਮਿਆਦ ਵਾਲਾ ‘ਪੋਸਟ-ਸਟੱਡੀ’ ਸ਼ੈਨੇਗਨ ਵੀਜ਼ਾ ਦਿੱਤਾ ਜਾਵੇਗਾ, ਜਿਸ ਦਾ ਮਤਲਬ ਹੈ ਕਿ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਵੀ ਵਿਦਿਆਰਥੀ ਉੱਥੇ ਰਹਿ ਕੇ ਕੰਮ ਕਰ ਸਕਣਗੇ ਅਤੇ ਯੂਰਪੀ ਯੂਨੀਅਨ ਦੇ ਹੋਰ ਦੇਸ਼ਾਂ ਵਿਚ ਵੀ ਜਾ ਸਕਣਗੇ।
ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ਲਈ ਸਮੇਂ ਨੂੰ ਘਟਾਇਆ ਗਿਆ ਹੈ ਅਤੇ ਕਾਗਜ਼ੀ ਕਾਰਵਾਈ ਨੂੰ ਡਿਜੀਟਲ ਤੇ ਤੇਜ਼ ਬਣਾਇਆ ਗਿਆ ਹੈ। ਫਰਾਂਸ ਨੇ ਵਿਸ਼ੇਸ਼ ਤੌਰ ‘ਤੇ ਭਾਰਤੀ ਵਿਦਿਆਰਥੀਆਂ ਲਈ ‘ਇੰਟਰਨੈਸ਼ਨਲ ਕਲਾਸਾਂ’ ਸ਼ੁਰੂ ਕੀਤੀਆਂ ਹਨ। ਇਨ੍ਹਾਂ ਕਲਾਸਾਂ ਵਿਚ ਵਿਦਿਆਰਥੀਆਂ ਨੂੰ ਪਹਿਲਾਂ ਫਰੈਂਚ ਭਾਸ਼ਾ ਸਿਖਾਈ ਜਾਵੇਗੀ ਅਤੇ ਹੋਰ ਜ਼ਰੂਰੀ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਜੋ ਉਨ੍ਹਾਂ ਨੂੰ ਕੋਰਸ ਦੌਰਾਨ ਕੋਈ ਦਿੱਕਤ ਨਾ ਆਵੇ।
ਭਾਰਤੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੀ ਗਿਣਤੀ ਅਤੇ ਰਾਸ਼ੀ ਵਿਚ ਵੀ ਵਾਧਾ ਕੀਤਾ ਗਿਆ ਹੈ, ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਪਰ ਹੋਣਹਾਰ ਵਿਦਿਆਰਥੀ ਵੀ ਫਰਾਂਸ ਜਾ ਸਕਣ। ਹੁਣ ਤੱਕ ਭਾਰਤੀ ਵਿਦਿਆਰਥੀ ਜ਼ਿਆਦਾਤਰ ਕੈਨੇਡਾ, ਅਮਰੀਕਾ ਜਾਂ ਯੂ.ਕੇ. ਨੂੰ ਤਰਜੀਹ ਦਿੰਦੇ ਸਨ, ਪਰ ਫਰਾਂਸ ਵੱਲੋਂ ਵੀਜ਼ਾ ਨਿਯਮਾਂ ਵਿਚ ਦਿੱਤੀ ਗਈ ਇਹ ਢਿੱਲ ਅਤੇ ‘ਪੋਸਟ-ਸਟੱਡੀ’ ਵਰਕ ਵੀਜ਼ਾ ਦੀ ਸਹੂਲਤ ਫਰਾਂਸ ਨੂੰ ਇੱਕ ਵੱਡੇ ‘ਐਜੂਕੇਸ਼ਨ ਹੱਬ’ ਵਜੋਂ ਸਥਾਪਿਤ ਕਰੇਗੀ।