#EUROPE

ਫਰਾਂਸ ਵੱਲੋਂ ਫਲਸਤੀਨ ਨੂੰ ਇੱਕ ਰਾਸ਼ਟਰ ਵਜੋਂ ਮਾਨਤਾ ਦੇਣ ਦਾ ਐਲਾਨ

ਪੈਰਿਸ, 26 ਜੁਲਾਈ (ਪੰਜਾਬ ਮੇਲ)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਫਲਸਤੀਨ ਨੂੰ ਇੱਕ ਰਾਸ਼ਟਰ ਵਜੋਂ ਮਾਨਤਾ ਦੇਵੇਗਾ। ਇਜ਼ਰਾਈਲ ਨੇ ਫਰਾਂਸ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਇਜ਼ਰਾਈਲ ਦੇ ਹਮਲੇ ਕਾਰਨ ਭੋਜਨ ਅਤੇ ਜ਼ਰੂਰੀ ਸਪਲਾਈ ਦੇ ਸੰਕਟ ਦਾ ਸਾਹਮਣਾ ਕਰ ਰਹੇ ਗਾਜ਼ਾ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਦੁਨੀਆਂ ਭਰ ਦੇ ਦੇਸ਼ਾਂ ਵਿਚ ਰੋਸ ਦੇ ਵਿਚਕਾਰ ਫਰਾਂਸ ਦੇ ਫੈਸਲੇ ਨੂੰ ਇੱਕ ਦਲੇਰਾਨਾ ਕੂਟਨੀਤਕ ਕਦਮ ਮੰਨਿਆ ਜਾ ਰਿਹਾ ਹੈ।
ਮੈਕਰੋਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿਚ ਕਿਹਾ ਕਿ ਉਹ ਸਤੰਬਰ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਇਸ ਫੈਸਲੇ ਨੂੰ ਰਸਮੀ ਤੌਰ ‘ਤੇ ਲਾਗੂ ਕਰਨਗੇ। ਉਨ੍ਹਾਂ ਲਿਖਿਆ, ”ਅੱਜ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗਾਜ਼ਾ ਵਿਚ ਜੰਗ ਰੁੱਕ ਜਾਵੇ ਅਤੇ ਆਮ ਨਾਗਰਿਕਾਂ ਦੀਆਂ ਜਾਨਾਂ ਬਚਾਈਆਂ ਜਾਣ।” ਗਾਜ਼ਾ ਵਿਚ ਵਧ ਰਹੇ ਯੁੱਧ ਅਤੇ ਮਨੁੱਖੀ ਸੰਕਟ ਕਾਰਨ ਜ਼ਿਆਦਾਤਰ ਦੇਸ਼ਾਂ ਦੇ ਕਈ ਪ੍ਰਤੀਕਾਤਮਕ ਕਦਮ ਇਜ਼ਰਾਈਲ ‘ਤੇ ਕੂਟਨੀਤਕ ਦਬਾਅ ਪਾਉਣਾ ਰਿਹਾ ਹੈ। ਫਰਾਂਸ ਹੁਣ ਫਲਸਤੀਨ ਨੂੰ ਮਾਨਤਾ ਦੇਣ ਵਾਲੀ ਸਭ ਤੋਂ ਵੱਡੀ ਪੱਛਮੀ ਸ਼ਕਤੀ ਬਣ ਗਿਆ ਹੈ ਅਤੇ ਇਸਦਾ ਕਦਮ ਦੂਜੇ ਦੇਸ਼ਾਂ ਲਈ ਵੀ ਅਜਿਹਾ ਕਰਨ ਦਾ ਰਾਹ ਪੱਧਰਾ ਕਰ ਸਕਦਾ ਹੈ।
ਇਜ਼ਰਾਈਲ ਨੇ 1967 ਦੇ ਮੱਧ ਪੂਰਬ ਯੁੱਧ ਵਿਚ ਪੱਛਮੀ ਕੰਢੇ, ਪੂਰਬੀ ਯਰੂਸ਼ਲਮ ਅਤੇ ਗਾਜ਼ਾ ‘ਤੇ ਕਬਜ਼ਾ ਕਰ ਲਿਆ ਸੀ ਅਤੇ ਫਲਸਤੀਨੀਆਂ ਇਨ੍ਹਾਂ ਕਬਜ਼ੇ ਵਾਲੇ ਖੇਤਰਾਂ ਨੂੰ ਜੋੜ ਕੇ ਇੱਕ ਸੁਤੰਤਰ ਰਾਸ਼ਟਰ ਦੀ ਮੰਗ ਕਰ ਰਹੀਆਂ ਹਨ। ਇਜ਼ਰਾਈਲੀ ਸਰਕਾਰ ਅਤੇ ਇਸਦਾ ਜ਼ਿਆਦਾਤਰ ਰਾਜਨੀਤਿਕ ਵਰਗ ਫਲਸਤੀਨ ਨੂੰ ਇੱਕ ਰਾਸ਼ਟਰ ਵਜੋਂ ਦਰਜਾ ਦੇਣ ਦਾ ਵਿਰੋਧ ਕਰ ਰਿਹਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਬਿਆਨ ਵਿਚ ਕਿਹਾ, ”ਅਸੀਂ ਰਾਸ਼ਟਰਪਤੀ ਮੈਕਰੋਨ ਦੇ ਫੈਸਲੇ ਦੀ ਸਖ਼ਤ ਨਿੰਦਾ ਕਰਦੇ ਹਾਂ।” ਫਲਸਤੀਨੀ ਅਥਾਰਟੀ ਨੇ ਫਰਾਂਸ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਕਦਮ ਦਾ ਐਲਾਨ ਕਰਨ ਵਾਲਾ ਇੱਕ ਪੱਤਰ ਵੀਰਵਾਰ ਨੂੰ ਯੇਰੂਸ਼ਲਮ ਵਿਚ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੂੰ ਸੌਂਪਿਆ ਗਿਆ।