#EUROPE

ਫਰਾਂਸ ਵੱਲੋਂ ਨਾਗਰਿਕਤਾ ਨਿਯਮਾਂ ‘ਚ ਤਬਦੀਲੀ; 1.25 ਲੱਖ ਤੋਂ ਵੱਧ ਭਾਰਤੀ ਹੋਣਗੇ ਪ੍ਰਭਾਵਿਤ

ਪੈਰਿਸ, 30 ਮਈ (ਪੰਜਾਬ ਮੇਲ)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨੇ ਪ੍ਰਵਾਸੀਆਂ ਲਈ ਨਾਗਰਿਕਤਾ ਕਾਨੂੰਨ ਵਿਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਸ ਬਦਲਾਅ ਨਾਲ ਉੱਥੇ ਰਹਿ ਰਹੇ 1.25 ਲੱਖ ਤੋਂ ਵੱਧ ਭਾਰਤੀ ਪ੍ਰਵਾਸੀ ਪ੍ਰਭਾਵਿਤ ਹੋਣਗੇ। ਇਮੀਗ੍ਰੇਸ਼ਨ ਪਾਬੰਦੀਆਂ ਨੂੰ ਸਖਤ ਕਰਨ ਦੇ ਤਹਿਤ ਫਰਾਂਸ ‘ਚ ਵਿਦੇਸ਼ੀ ਮਾਪਿਆਂ ਦੇ ਘਰ ਪੈਦਾ ਹੋਏ ਬੱਚਿਆਂ ਲਈ ਨਾਗਰਿਕਤਾ ਕਾਨੂੰਨ ਇਕ ਨਵੇਂ ਕਾਨੂੰਨ ਦੇ ਤਹਿਤ ਬਦਲਿਆ ਗਿਆ ਹੈ। ਇਸ ਕਾਨੂੰਨ ਦੇ ਤਹਿਤ ਹੁਣ ਉਨ੍ਹਾਂ ਨੂੰ ਸਿਰਫ ਜਨਮ ਦੇ ਆਧਾਰ ‘ਤੇ ਹੀ ਨਾਗਰਿਕਤਾ ਨਹੀਂ ਮਿਲੇਗੀ। ਫਰਾਂਸ ਵਿਚ ਜਨਮ ਤੋਂ ਤੁਰੰਤ ਬਾਅਦ ਨਾਗਰਿਕਤਾ ਲੈਣ ਦੀ ਬਜਾਏ ਹੁਣ ਇਨ੍ਹਾਂ ਬੱਚਿਆਂ ਨੂੰ 16 ਤੋਂ 18 ਸਾਲ ਦੀ ਉਮਰ ‘ਚ ਨਾਗਰਿਕਤਾ ਲਈ ਅਪਲਾਈ ਕਰਨਾ ਹੋਵੇਗਾ।
ਇਸ ਤੋਂ ਪਹਿਲਾਂ ਫਰਾਂਸ ‘ਚ ਪੈਦਾ ਹੋਏ ਭਾਰਤੀ ਮਾਪਿਆਂ ਦੇ ਬੱਚੇ 11 ਸਾਲ ਦੀ ਉਮਰ ਵਿਚ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਸਨ, ਇਸ ਲਈ ਉਨ੍ਹਾਂ ਨੂੰ 5 ਸਾਲ ਤੱਕ ਫਰਾਂਸ ‘ਚ ਰਹਿਣਾ ਜ਼ਰੂਰੀ ਸੀ। ਨਵੇਂ ਨਿਯਮਾਂ ਮੁਤਾਬਕ ਭਾਰਤੀ ਮਾਪਿਆਂ ਦੇ ਬੱਚੇ 16 ਤੋਂ 18 ਸਾਲ ਦੀ ਉਮਰ ਵਿਚ ਹੀ ਅਪਲਾਈ ਕਰ ਸਕਣਗੇ, ਜਿਸ ਕਾਰਨ ਉਨ੍ਹਾਂ ਨੂੰ ਨਾਗਰਿਕਤਾ ਮਿਲਣ ਵਿਚ ਦੇਰੀ ਹੋਵੇਗੀ। ਜੇਕਰ ਕੋਈ ਵਿਅਕਤੀ ਅਪਲਾਈ ਕਰਨ ਤੋਂ ਪਹਿਲਾਂ ਦੇਸ਼ ਤੋਂ ਬਾਹਰ ਚਲਾ ਗਿਆ ਹੈ, ਤਾਂ ਉਸ ਨੂੰ ਵਾਪਸ ਆਉਣ ਤੋਂ ਬਾਅਦ ਦੁਬਾਰਾ ਨਾਗਰਿਕਤਾ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਫਰਾਂਸ ਵਿਚ 1.24 ਲੱਖ ਤੋਂ ਵੱਧ ਭਾਰਤੀ ਪ੍ਰਵਾਸੀ ਰਹਿੰਦੇ ਹਨ, ਜਿਨ੍ਹਾਂ ਵਿਚੋਂ 19 ਹਜ਼ਾਰ ਤੋਂ ਵੱਧ ਪ੍ਰਵਾਸੀ ਭਾਰਤੀ ਹਨ।