ਸਿਆਟਲ, 18 ਸਤੰਬਰ (ਪੰਜਾਬ ਮੇਲ)- ਪਿਛਲੇ ਦਿਨੀਂ ਪੰਜਾਬੀ ਕਲਚਰਲ ਸੋਸਾਇਟੀ ਸਿਆਟਲ (ਵਾਸ਼ਿੰਗਟਨ) ਵੱਲੋਂ ਕੈਂਟ ਮਰੇਡੀਅਨ ਹਾਈ ਸਕੂਲ ਵਿਖੇ ਕਰਵਾਏ ਗਏ ਮੇਲੇ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਮੇਲੇ ਦੀ ਸ਼ੁਰੂਆਤ ਅਰਦਾਸ ਨਾਲ ਹੋਈ। ਸਟੇਜ ਦੀ ਡਿਊਟੀ ਨਿਭਾਉਂਦਿਆਂ ਸਕੱਤਰ ਸਿੰਘ ਸੰਧੂ ਨੇ ਪੰਜਾਬੀ ਕਲਚਰਲ ਸੁਸਾਇਟੀ ਦੀਆਂ ਸਰਗਰਮੀਆਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ, ਮੇਲੇ ਦੀ ਸ਼ੋਭਾ ਵਧਾਉਣ ਵਾਲੇ ਪਹੁੰਚੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਮਾਇਕ ਇੰਦਰਜੀਤ ਸਿੰਘ ਬੱਲੋਵਾਲੀਆ ਨਾਲ ਸਾਂਝਾ ਕੀਤਾ। ਉਪਰੰਤ ਭਾਈ ਦਵਿੰਦਰ ਸਿੰਘ ਜੀ ਹੀਰਾ ਅਤੇ ਦਲਬੀਰ ਸਿੰਘ ਨੇ ਧਾਰਮਿਕ ਗੀਤ ”ਵਾਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ” ਗਾ ਸਰੋਤਿਆਂ ਨੂੰ ਮਰਹੂਮ ਗਾਇਕ ਕੁਲਦੀਪ ਮਾਣਕ ਸਾਹਿਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਫਿਰ ਲਗਾਤਾਰ ਪ੍ਰਸਿੱਧ ਗਾਇਕਾਂ ਮਚਲਾ ਜੱਟ, ਪ੍ਰੀਤਮ ਬਰਾੜ, ਰਣਜੀਤ ਤੇਜੀ, ਸੁਰਜੀਤ ਬੈਂਸ, ਸਿਮਰਨ ਸਿੰਘ ਅਤੇ ਬਲਬੀਰ ਲਹਿਰਾ ਜੀ ਨੇ ਆਪੋ-ਆਪਣੇ ਲਹਿਜ਼ੇ ਨਾਲ ਭਰੇ ਵਿਸ਼ਾਲ ਹਾਲ ਵਿਚ ਲੋਕਾਂ ਨੂੰ ਕੀਲੀ ਰੱਖਿਆ।
ਸਿਆਟਲ ਅਤੇ ਆਸਪਾਸ ਭਾਵ ਕੈਨੇਡਾ ਤੋਂ ਪਹੁੰਚੇ ਮੇਲਾ ਪ੍ਰੇਮੀਆਂ ਵੱਲੋਂ ਜੋ ਭਰਵਾਂ ਹੁੰਗਾਰਾ ਮਿਲਿਆ, ਉਹ ਪ੍ਰਬੰਧਕਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਸੀ। ਜਿੱਥੇ ਲੋਕਾਂ ਨੇ ਚਾਹ, ਪਕੌੜੇ, ਮਠਿਆਈ ਅਤੇ ਸੁਆਦੀ ਭੋਜਨ ਦਾ ਅਨੰਦ ਮਾਣਿਆ, ਉਥੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਕਾਲਾ ਸਿੰਘ ਜੀ (ਸਰ੍ਹੀ) ਅਤੇ ਦਿਮਾਗੀ ਪ੍ਰੇਸ਼ਾਨੀਆਂ ਦੇ ਮਾਹਿਰ ਸਰਦਾਰ ਬਲਦੇਵ ਸਿੰਘ ਜੀ ਮੱਟਾ (ਟੋਰਾਂਟੋ) ਨੇ ਵੱਡਮੁੱਲੀ ਜਾਣਕਾਰੀ ਦਿੰਦਿਆਂ ਇਨ੍ਹਾਂ ਤੋਂ ਬਚਣ ਦੇ ਸੁਝਾਅ ਵੀ ਦਿੱਤੇ। ਸਰਦਾਰ ਬਲਦੇਵ ਸਿੰਘ ਜੀ ਮੱਟਾ ਨੇ ਤਕਰੀਰ ਰਾਹੀਂ ਵਿਸ਼ੇਸ਼ ਤੌਰ ‘ਤੇ ਮਾਪਿਆਂ ਨੂੰ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਨਾਲ ਖੁੱਲ੍ਹੀ ਗੱਲਬਾਤ ਰਾਹੀਂ ਜੁੜੇ ਰਹਿਣ ਦੇ ਨੁਕਤੇ ਦੱਸੇ, ਤਾਂ ਜੋ ਬੱਚੇ ਆਪਣੇ ਮਨ ਦੀ ਗੱਲ ਮਾਪਿਆਂ ਨਾਲ ਖੁੱਲ੍ਹ ਕੇ ਕਰ ਸਕਣ।
ਮੁੱਖ ਮਹਿਮਾਨਾਂ ‘ਚ ਸਿਆਟਲ ਦੇ DSHS ,CRISIS CONNECTION, MA DD, ਸੰਸਥਾ ”ਇੱਕ ਆਸ” ਦੀ ਟੀਮ ਵੱਲੋਂ ਬੀਬੀ ਮਲਿਕਾ ਬੈਂਸ ਅਤੇ ਸੇਵਾਦਾਰ ਸੰਸਥਾ ਦੀ ਟੀਮ ਵੱਲੋਂ ਡਾਕਟਰ ਮਨਜੋਤ ਕੌਰ ਜੀ ਨੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਹੋਰ ਵੀ ਸਹਾਇਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ, ਜਿਸਨੂੰ ਸੂਝਵਾਨ ਲੋਕਾਂ ਨੇ ਪੰਜਾਬੀ ਕਲਚਰਲ ਸੁਸਾਇਟੀ ਦੇ ਇਸ ਨਿਵੇਕਲੇ ਉੱਦਮ ਨੂੰ ਸਲਾਹਿਆ ਅਤੇ ਜਾਰੀ ਰੱਖਣ ਲਈ ਵੀ ਪ੍ਰੇਰਿਆ। ਅਖੀਰਲੇ ਪੜਾਅ ਵਿਚ ਪ੍ਰਸਿੱਧ ਗਾਇਕ ਗਿੱਲ ਹਰਦੀਪ ਨੇ ਆਪਣੀ ਸੁਚੱਜੀ ਅਤੇ ਦਮਦਾਰ ਗਾਇਕੀ ਨਾਲ ਐਸਾ ਰੰਗ ਬੰਨ੍ਹਿਆ ਕਿ ਲੋਕ ਘਰੀਂ ਜਾਣਾ ਭੁੱਲਗੇ। ਅਖੀਰ ਵਿਚ ਪੰਜਾਬੀ ਕਲਚਰਲ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ ਚੀਮਾ ਨੇ ਮਾਣਮੱਤੀਆਂ ਸ਼ਖਸੀਅਤਾਂ, ਪ੍ਰਬੰਧਕ ਸਾਥੀਆਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਸੁਸਾਇਟੀ ਦੇ ਮੀਤ ਪ੍ਰਧਾਨ ਲਾਲੀ ਸੰਧੂ ਨੇ ‘ਹਰੀ ਐਨ ਕਰ੍ਹੀ ਪੀਜ਼ਾ’ ਵਾਲੇ ਮਨਜੀਤ ਸਿੰਘ ਅਤੇ ਜਸਵੀਰ ਸਹੋਤਾ, ਜਗਰਾਜ ਸਿੰਘ, ਮਨਬੀਰ ਸਿੰਘ ਸੰਧੂ (ਡੀ.ਜੇ.), ਫੋਟੋਗ੍ਰਾਫਰ ਅਮਰਬੀਰ ਸਿੰਘ ਸੰਧੂ, ਜਗਦੇਵ ਸਿੰਘ ਪਾਬਲਾ, ਰਾਜ ਸ਼ਰਮਾ (ਐਵਰਿਟ) ਅਤੇ ਲਵ ਨਾਗਰਾ (ਯਮੀ ਕੁਜ਼ੀਨ) ਦਾ ਮੁਫ਼ਤ ਸੇਵਾਵਾਂ ਲਈ ਧੰਨਵਾਦ ਕੀਤਾ।