ਜਲੰਧਰ, 23 ਜੂਨ (ਪੰਜਾਬ ਮੇਲ)- ਇਸੇ ਸਾਲ ਅਕਤੂਬਰ ਮਹੀਨੇ ’ਚ ਸਰਹੱਦੀ ਖੇਤਰ ’ਚ ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਲੱਗੇ ਦੋ ਟੋਲ ਪਲਾਜ਼ਿਆਂ ਨੂੰ ਵੀ ਹਟਾ ਦਿੱਤਾ ਜਾਵੇਗਾ। ਹੁਣ ਤੱਕ ਪੰਜਾਬ ਸਰਕਾਰ 11 ਟੋਲ ਪਲਾਜ਼ੇ ਹਟਾ ਚੁੱਕੀ ਹੈ। ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਲੱਗੇ ਦੋ ਟੋਲ ਪਲਾਜ਼ਿਆਂ ਸਮੇਤ ਸੂਬੇ ’ਚ ਸਟੇਟ ਮਾਰਗ ’ਤੇ ਲੱਗੇ ਬਾਕੀ ਸਾਰੇ 12 ਟੋਲ ਪਲਾਜ਼ਿਆਂ ਨੂੰ 2024 ਵਿਚ ਹਟਾ ਦਿੱਤਾ ਜਾਵੇਗਾ। ਸੂਬੇ ’ਚ ਪੰਜਾਬ ਸਰਕਾਰ ਅਧੀਨ ਜਿਨ੍ਹਾਂ ਟੋਲ ਪਲਾਜ਼ਿਆਂ ਦੀ ਮਿਆਦ ਖ਼ਤਮ ਹੋ ਜਾਵੇਗੀ, ਉਨ੍ਹਾਂ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ। ਸੜਕਾਂ ਦਾ ਰੱਖ ਰਖਾਅ ਵੀ ਟੋਲ ਪਲਾਜ਼ਾ ਦੀ ਬਜਾਏ ਆਪਣੇ ਪੱਧਰ ’ਤੇ ਸਰਕਾਰ ਕਰ ਸਕੇ, ਇਸ ਲਈ ਸੂਬਾ ਸਰਕਾਰ ਨੇ ਇਸ ਵਾਰ ਦੇ ਬਜਟ ਵਿਚ ਪਹਿਲਾਂ ਤੋਂ ਤਿੰਨ ਗੁਣਾ ਜ਼ਿਆਦਾ ਬਜਟ ਰੱਖਿਆ ਹੋਇਆ ਹੈ।
ਹਾਲਾਂਕਿ ਟੋਲ ਪਲਾਜ਼ਾ ਕੰਪਨੀਆਂ ਨੇ ਟੋਲ ਪਲਾਜ਼ਾ ਬੰਦ ਕਰਨ ਦੇ ਇਵਜ਼ ਵਿਚ ਕਰੋੜਾਂ ਰੁਪਏ ਦਾ ਮੁਆਵਜ਼ਾ ਮੰਗਿਆ ਸੀ। ਇਹ ਮੁਆਵਜ਼ਾ ਕੋਰੋਨਾ ਕਾਲ ਤੇ ਕਿਸਾਨ ਅੰਦੋਲਨ ਦੌਰਾਨ ਟੋਲ ਪਲਾਜ਼ਾ ’ਤੇ ਕਿਸਾਨਾਂ ਦੇ ਕਬਜ਼ਿਆਂ ਤੋਂ ਹੋਏ ਟੋਲ ਨੁਕਸਾਨ ਦੀ ਭਰਪਾਈ ਦਾ ਹੈ ਪਰ ਸਰਕਾਰ ਨੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਸੀ। 5 ਸਾਲਾਂ ’ਚ ਇਕ ਵਾਰ ਸੜਕਾਂ ਨੂੰ ਤਿਆਰ ਕੀਤਾ ਜਾਣਾ ਵੀ ਜ਼ਰੂਰੀ ਹੈ। ਸੜਕਾਂ ਦੀ ਸੰਭਾਲ ’ਤੇ ਵੀ 75 ਕਰੋੜ ਰੁਪਏ ਹਰੇਕ ਸੜਕਾਂ ਦਾ ਖਰਚਾ ਆਉਂਦਾ ਹੈ। ਇਸ ’ਤੇ ਵੀ ਸਰਕਾਰ ਨੇ ਆਪਣੇ ਪੱਲਿਓਂ ਸਾਰੀਆਂ ਸੜਕਾਂ ਦੀ ਖੁਦ ਸੰਭਾਲ ਕਰਨ ਦਾ ਫੈਸਲਾ ਕੀਤਾ, ਜਿਸ ਕਾਰਨ ਇਸ ਵਾਰ ਦੇ ਬਜਟ ’ਚ ਸੜਕਾਂ ਤੇ ਪੁਲਾਂ ਦੇ ਅਪਗ੍ਰੇਡੇਸ਼ਨ, ਨਿਰਮਾਣ ਅਤੇ ਮੁਰੰਮਤ ਲਈ 1101 ਕਰੋੜ ਰੁਪਏ ਰੱਖੇ ਸਨ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ 600 ਕਰੋੜ ਰੁਪਏ ਦੇ ਬਜਟ, ਜਦਕਿ ਕੇਂਦਰੀ ਸੜਕ ਫੰਡ ਯੋਜਨਾ ਲਈ 190 ਕਰੋੜ ਰੁਪਏ ਦੀ ਵੀ ਵਿਵਸਥਾ ਹੈ।
ਇਸੇ ਸਾਲ ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ ’ਤੇ ਲੱਗੇ ਪਿੰਡ ਮਾਮੂ ਜੋਹੀਆ ਅਤੇ ਥੇਹ ਕਲੰਦਰ ’ਤੇ ਲੱਗੇ ਦੋ ਟੋਲ ਪਲਾਜ਼ਿਆਂ ਨੂੰ ਅਕਤੂਬਰ ’ਚ ਬੰਦ ਕੀਤਾ ਜਾਣਾ ਹੈ। ਮੋਗਾ-ਬਾਘਾਪੁਰਾਣਾ ਮਾਰਗ ’ਤੇ ਲੱਗੇ ਇਕ ਟੋਲ ਪਲਾਜ਼ਾ ਨੂੰ ਬੰਦ ਕੀਤਾ ਜਾਣਾ ਹੈ। ਹਾਲਾਂਕਿ ਕੁਝ ਟੋਲ ਪਲਾਜ਼ਿਆਂ ਦਾ ਕੰਟ੍ਰੈਕਟ ਅਜੇ ਲੰਬਾ ਹੈ, ਜਿਨ੍ਹਾਂ ’ਚ ਜਗਰਾਓ-ਨਕੋਦਰ ਰੋਡ ’ਤੇ ਲੱਗਾ ਟੋਲ ਪਲਾਜ਼ਾ, ਕੋਟਕਪੂਰਾ ਰੋਡ ’ਤੇ ਟੋਲ ਪਲਾਜ਼ਾ, ਮੋਰਿੰਡਾ-ਕੁਰਾਲੀ ਰੋਡ ’ਤੇ ਲੱਗੇ ਟੋਲ ਪਲਾਜ਼ਾ ਦੀ ਕੰਟ੍ਰੈਕਟ ਮਿਆਦ ’ਚ ਅਜੇ ਕੁਝ ਸਾਲ ਹਨ ਪਰ ਸਰਕਾਰ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਵੀ ਅਗਲੇ ਸਾਲ ਵਿਚ ਸਮਾਪਤ ਕਰਨ ਦੇ ਇਰਾਦੇ ’ਚ ਹੈ। ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸਰਕਾਰ ਦਾ ਸੂਬੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਅਤੇ ਉਸੇ ਵਾਅਦੇ ਦੇ ਚੱਲਦਿਆਂ ਇਕ-ਇਕ ਕਰਕੇ ਟੋਲ ਪਲਾਜ਼ਾ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੜਕਾਂ ਦੀ ਸਾਂਭ-ਸੰਭਾਲ ਲਈ ਵੱਖਰਾ ਬਜਟ ਰੱਖਿਆ ਗਿਆ ਹੈ।