ਚੰਡੀਗੜ੍ਹ, 11 ਮਾਰਚ (ਪੰਜਾਬ ਮੇਲ)-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਇੱਕ ਅਹਿਮ ਮੁੱਦਾ ਚੁੱਕਿਆ ਗਿਆ। ਪੰਜਾਬ ਸਰਕਾਰ ਹੁਣ ਬੱਚਿਆਂ ਦੁਆਰਾ ਮੋਬਾਈਲ ਫ਼ੋਨ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਜਾਂ ਇਸ ਨੂੰ ਸੀਮਤ ਕਰਨ ਦੇ ਪ੍ਰਸਤਾਵ ‘ਤੇ ਵਿਚਾਰ ਕਰੇਗੀ। ਇਹ ਭਰੋਸਾ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਧਾਨ ਸਭਾ ਸਪੀਕਰ ਦੀ ਮੰਗ ‘ਤੇ ਦਿੱਤਾ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਵਿਚ ਬੋਲਦਿਆਂ ਕਿਹਾ ਕਿ ਮੋਬਾਈਲ ਫ਼ੋਨ ਦੀ ਜ਼ਿਆਦਾ ਵਰਤੋਂ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ‘ਤੇ ਬੁਰਾ ਅਸਰ ਪਾ ਰਹੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਕਿਉਂਕਿ ਇਸ ਨਾਲ ਨੀਂਦ ਦੀ ਕਮੀ ਅਤੇ ਪੜ੍ਹਾਈ ਵਿਚ ਇਕਾਗਰਤਾ ਘੱਟ ਰਹੀ ਹੈ।
ਸਪੀਕਰ ਦੀ ਇਸ ਚਿੰਤਾ ‘ਤੇ ਜਵਾਬ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਇਸ ਵਿਸ਼ੇ ‘ਤੇ ਡੂੰਘੀ ਚਰਚਾ ਕਰੇਗੀ ਅਤੇ ਬੱਚਿਆਂ ਨੂੰ ਡਿਜੀਟਲ ਨਸ਼ੇ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਸਲਾਹ ਲੈ ਕੇ ਇਸ ਸਬੰਧੀ ਕੋਈ ਨੀਤੀ ਜਾਂ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾ ਸਕਦੇ ਹਨ।
ਪੰਜਾਬ ਸਰਕਾਰ ਵੀ ਬੱਚਿਆਂ ਦੇ ਮੋਬਾਈਲ ਫ਼ੋਨ ਦੀ ਵਰਤੋਂ ‘ਤੇ ਲਗਾ ਸਕਦੀ ਹੈ ਪਾਬੰਦੀ!

