ਦੇਸ਼ ਦੇ 150 ਸੋਮਿਆਂ ‘ਚ ਪਾਣੀ ਦੀ ਕੁੱਲ ਸਮਰੱਥਾ ਦਾ ਸਿਰਫ਼ 21 ਫ਼ੀਸਦੀ ਪਾਣੀ ਰਹਿ ਗਿਆ
ਨਵੀਂ ਦਿੱਲੀ, 26 ਜੂਨ (ਪੰਜਾਬ ਮੇਲ)-ਕਹਿਰਾਂ ਦੀ ਗਰਮੀ ਕਾਰਨ ਜਿਥੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਰਿਹਾ ਹੈ, ਉਥੇ ਦੂਜਾ ਖ਼ਤਰਾ ਪਾਣੀ ਦੀ ਉਪਲੱਬਧਤਾ ਨੂੰ ਲੈ ਕੇ ਵੀ ਵਧ ਰਿਹਾ ਹੈ। ਅੰਕੜਿਆਂ ਮੁਤਾਬਕ 20 ਜੂਨ ਨੂੰ ਲੂ ਕਾਰਨ 14 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਮਾਰਚ ਤੋਂ ਜੂਨ ਤੱਕ ਦੇ ਸਮੇਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 143 ਹੋ ਗਈ ਹੈ, ਨਾਲ ਹੀ ਦੇਸ਼ ਭਰ ਦੇ ਪਾਣੀ ਦੇ ਮੁੱਖ 150 ਸੋਮਿਆਂ ‘ਚ ਪਾਣੀ ਦੀ ਕੁੱਲ ਸਮਰੱਥਾ ਦਾ ਸਿਰਫ਼ 21 ਫ਼ੀਸਦੀ ਪਾਣੀ ਹੀ ਰਹਿ ਗਿਆ ਹੈ। ਅਧਿਕਾਰਕ ਅੰਕੜਿਆਂ ਮੁਤਾਬਕ 1 ਮਾਰਚ ਤੋਂ ਲੈ ਕੇ 20 ਜੂਨ ਤੱਕ ਗਰਮੀ ਕਾਰਨ ਦੇਸ਼ ‘ਚ 143 ਲੋਕਾਂ ਦੀ ਮੌਤ ਹੋਈ, ਜਦਕਿ 41,789 ਲੋਕ ਲੂ ਤੋਂ ਪੀੜਤ ਹਨ। ਇਨ੍ਹਾਂ ਅੰਕੜਿਆਂ ‘ਚ ਹਾਲੇ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਗਰਮੀ ਕਾਰਨ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਰਾਜ ਰਿਹਾ, ਜਿਥੇ ਸਭ ਤੋਂ ਜ਼ਿਆਦਾ 35 ਲੋਕਾਂ ਦੀ ਮੌਤ ਹੋਈ, ਜਦਕਿ ਦਿੱਲੀ ‘ਚ 21, ਬਿਹਾਰ ਅਤੇ ਰਾਜਸਥਾਨ ‘ਚ 17-17 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰੀ ਜੇ.ਪੀ. ਨੱਢਾ ਨੇ ਗਰਮੀ ਕਾਰਨ ਹਸਪਤਾਲਾਂ ਨੂੰ ਲੂ ਨਾਲ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਯੂਨਿਟ ਬਣਾਉਣ ਦੀ ਸਲਾਹ ਜਾਰੀ ਕੀਤੀ ਹੈ।
ਵਧ ਰਹੀ ਗਰਮੀ ਕਾਰਨ ਪਾਣੀ ਦੇ ਸੋਮੇ ਵੀ ਸੁੱਕ ਰਹੇ ਹਨ। ‘ਸੈਂਟਰਲ ਵਾਟਰ ਕਮਿਸ਼ਨ’ ਵਲੋਂ ਦੇਸ਼ ਭਰ ਦੇ 150 ਪਾਣੀ ਦੇ ਅਹਿਮ ਸੋਮਿਆਂ ਬਾਰੇ ਜਾਰੀ ਤਾਜ਼ਾ ਰਿਪੋਰਟ ‘ਚ ਕਿਹਾ ਗਿਆ ਕਿ ਇਨ੍ਹਾਂ ਸੋਮਿਆਂ ‘ਚ ਉਨ੍ਹਾਂ ਦੀ ਸਟੋਰੇਜ ਸਮਰੱਥਾ ਤੋਂ ਸਿਰਫ਼ 21 ਫ਼ੀਸਦੀ ਭਾਵ 37.662 ਬੀ.ਸੀ.ਐੱਮ. ਪਾਣੀ ਰਹਿ ਗਿਆ ਹੈ। ਪਿਛਲੇ ਸਾਲ ਇਸੇ ਸਮੇਂ ‘ਚ ਇਹ ਅੰਕੜਾ 46.883 ਬੀ.ਸੀ.ਐੱਮ. ਸੀ। ਜਦਕਿ ਇਨ੍ਹਾਂ ਸੋਮਿਆਂ ਦੀ ਕੁੱਲ ਸਮਰੱਥਾ 257.812 ਬੀ.ਸੀ.ਐੱਮ. ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਪਾਣੀ ਦੀ ਮੌਜੂਦਾ ਸਟੋਰੇਜ 10 ਸਾਲਾਂ ਦੀ ਔਸਤਨ (ਨਾਰਮਲ) ਸਟੋਰੇਜ 41.446 ਬੀ.ਸੀ.ਐੱਮ. ਤੋਂ ਵੀ ਘੱਟ ਹੈ। ਪਿਛਲੇ ਦੋ ਹਫ਼ਤਿਆਂ ਤੋਂ ਇਹ ਸੋਮੇ 22 ਫ਼ੀਸਦੀ ‘ਤੇ ਸਨ, ਜਦਕਿ ਉਸ ਤੋਂ ਪਹਿਲਾਂ 23 ਫ਼ੀਸਦੀ ‘ਤੇ ਸੀ। ਇਨ੍ਹਾਂ ਸੋਮਿਆਂ ‘ਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ‘ਚ 19.663 ਬੀ.ਸੀ.ਐੱਮ. ਦੇ 10 ਸੋਮੇ ਹਨ। ਇਨ੍ਹਾਂ ਦੀ ਮੌਜੂਦਾ ਸਟੋਰੇਜ 5.488 ਬੀ.ਸੀ.ਐੱਮ. (28 ਫ਼ੀਸਦੀ) ਹੈ, ਜੋ ਕਿ ਪਿਛਲੇ ਸਾਲ ਦੀ 39 ਫ਼ੀਸਦੀ ਸੀ ਅਤੇ ਔਸਤਨ ਨਾਰਮਲ ਸਟੋਰੇਜ 31 ਫ਼ੀਸਦੀ ਤੋਂ ਘੱਟ ਹੈ। ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ‘ਚ 42 ਸੋਮੇ ਹਨ, ਜਿਨ੍ਹਾਂ ਦੀ ਕੁੱਲ ਸਮਰੱਥਾ 53.334 ਬੀ.ਸੀ.ਐੱਮ. ਹੈ, ਜਦਕਿ ਉਪਲੱਬਧ ਸਟੋਰੇਜ 8.508 ਬੀ.ਸੀ.ਐੱਮ. ਹੈ, ਜੋ ਕਿ 16 ਫ਼ੀਸਦੀ ਹੈ। ਇਹ ਪਿਛਲੇ ਸਾਲ ਦੀ 21 ਫ਼ੀਸਦੀ ਸੀ। ਇਹ ਪਿਛਲੇ ਸਾਲ ਦੀ 21 ਫ਼ੀਸਦੀ ਅਤੇ ਨਾਰਮਲ ਸਟੋਰੇਜ 20 ਫ਼ੀਸਦੀ ਤੋਂ ਘੱਟ ਹੈ। ਆਸਾਮ, ਝਾਰਖੰਡ, ਓਡੀਸਾ, ਪੱਛਮੀ ਬੰਗਾਲ, ਤ੍ਰਿਪੁਰਾ, ਨਾਗਾਲੈਂਡ ਅਤੇ ਬਿਹਾਰ ‘ਚ 20.430 ਬੀ.ਸੀ.ਐੱਮ. ਦੀ ਸਮਰੱਥਾ ਦੇ ਕੁੱਲ 23 ਸੋਮੇ ਹਨ, ਜਦਕਿ ਉਪਲਬਧਤਾ 3.873 ਬੀ.ਸੀ.ਐੱਮ. ਹੈ, ਜੋ ਕਿ 19 ਫ਼ੀਸਦੀ ਸਮਰੱਥਾ ਹੈ। ਇਹ ਪਿਛਲੇ ਸਾਲ ਦੇ 18 ਫ਼ੀਸਦੀ ਦੇ ਮੁਕਾਬਲੇ ਕੁਝ ਬਿਹਤਰ ਹੈ, ਪਰ ਨਾਰਮਲ ਸਟੋਰੇਜ 23 ਫ਼ੀਸਦੀ ਤੋਂ ਘੱਟ ਹੈ। ਗੁਜਰਾਤ ਅਤੇ ਮਹਾਰਾਸ਼ਟਰ ‘ਚ ਕੁੱਲ 37.130 ਬੀ.ਸੀ.ਐੱਮ. ਸਮਰੱਥਾ ਦੇ 49 ਸੋਮੇ ਹਨ, ਜਿਨ੍ਹਾਂ ਦੀ ਮੌਜੂਦਾ ਸਟੋਰੇਜ 7.608 ਬੀ.ਸੀ.ਐੱਮ. ਹੈ, ਜੋ ਕਿ ਕੁੱਲ ਸਮਰੱਥਾ ਦੀ 20.49 ਫ਼ੀਸਦੀ ਹੈ, ਜੋ ਕਿ ਪਿਛਲੇ ਸਾਲ ਦੀ 24 ਫ਼ੀਸਦੀ ਤੋਂ ਘੱਟ ਹੈ, ਪਰ ਨਾਰਮਲ ਸਟੋਰੇਜ 19.56 ਫ਼ੀਸਦੀ ਤੋਂ ਬਿਹਤਰ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਆਉਂਦੇ ਹਨ, 48.227 ਬੀ.ਸੀ.ਐੱਮ. ਦੀ ਕੁੱਲ ਸਮਰੱਥਾ ਦੇ 26 ਸੋਮੇ ਹਨ, ਜਿਨ੍ਹਾਂ ‘ਚ ਇਸ ਸਮੇਂ 12.185 ਬੀ.ਸੀ.ਐੱਮ. (25 ਫ਼ੀਸਦੀ ਸਮਰੱਥਾ) ਹੈ, ਜੋ ਕਿ ਪਿਛਲੇ ਸਾਲ ਦੀ 32 ਫ਼ੀਸਦੀ ਅਤੇ ਨਾਰਮਲ ਸਟੋਰੇਜ 26 ਫ਼ੀਸਦੀ ਤੋਂ ਘੱਟ ਹੈ। ਰਿਪੋਰਟ ‘ਚ ਪੰਜਾਬ ਸਮੇਤ 10 ਰਾਜਾਂ ‘ਚ ਪਾਣੀ ਦੇ ਘੱਟ ਸਟੋਰੇਜ ਲੈਵਲ ‘ਤੇ ਚਿੰਤਾ ਪ੍ਰਗਟਾਈ ਗਈ ਹੈ। ਇਨ੍ਹਾਂ ਰਾਜਾਂ ‘ਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਸ਼ਾਮਿਲ ਹਨ। ਜਦਕਿ ਆਸਾਮ, ਝਾਰਖੰਡ, ਤ੍ਰਿਪੁਰਾ, ਬਿਹਾਰ, ਉ ੱਤਰਾਖੰਡ, ਕਰਨਾਟਕ ਅਤੇ ਕੇਰਲ ‘ਚ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਸਟੋਰੇਜ ਹੈ।