ਜਲੰਧਰ, 25 ਦਸੰਬਰ (ਪੰਜਾਬ ਮੇਲ)- ਪਿਛਲੇ ਦਿਨੀਂ ਪੰਜਾਬ ‘ਚ ਹੋਈਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਹੁਣ ਮੇਅਰ ਚੁਣੇ ਜਾਣੇ ਹਨ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਫਗਵਾੜਾ ਦੇ ਮੇਅਰ ਚੁਣਨ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਜ਼ੋਰ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ ਅਤੇ ਇਕ ਦੂਜੇ ਦੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜੇਕਰ ਗੱਲ ਕਰੀਏ ਜਲੰਧਰ ਨਗਰ ਨਿਗਮ ਦੀ, ਇਥੋਂ ਆਮ ਆਦਮੀ ਪਾਰਟੀ ਨੇ ਮੇਅਰ ਬਣਾਉਣ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਦਿੱਲੀ ਵਿਖੇ ਮੇਅਰ ਬਣਾਉਣ ਦੇ ਮੁੱਦੇ ‘ਤੇ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਵਿਚਾਰ-ਵਟਾਂਦਰੇ ਕੀਤੇ ਜਾ ਰਹੇ ਹਨ। ਇਥੋਂ ਮੇਅਰ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੁਣੇ ਗਏ ਵਨੀਤ ਧੀਰ, ਅਸ਼ਵਨੀ ਅਗਰਵਾਲ ਅਤੇ ਅਰੁਣਾ ਅਰੋੜਾ ਦਾ ਨਾਂ ਚਰਚਾ ਵਿਚ ਚੱਲ ਰਿਹਾ ਹੈ। ਜਲੰਧਰ ਉੱਤਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ 11 ਕੌਂਸਲਰ ਚੁਣੇ ਗਏ ਹਨ, ਇਸ ਲਈ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਮੇਅਰ ਬਣਾਉਣ ‘ਤੇ ਜ਼ੋਰ ਲੱਗ ਰਿਹਾ ਹੈ। ਦੂਜਾ ਨੰਬਰ ਪੱਛਮੀ ਵਿਧਾਨ ਸਭਾ ਹਲਕੇ ਦਾ ਆਉਂਦਾ ਹੈ, ਜਿੱਥੋਂ 10 ਕੌਂਸਲਰ ਆਮ ਆਦਮੀ ਪਾਰਟੀ ਦੇ ਜਿੱਤੇ ਹਨ। ਇਥੋਂ ਹੀ ਦੂਜੀਆਂ ਪਾਰਟੀਆਂ ਤੋਂ ਵੀ ਕਈ ਕੌਂਸਲਰ ਆਮ ਆਦਮੀ ਪਾਰਟੀ ਵਿਚ ਰਲ ਸਕਦੇ ਹਨ।
ਲੁਧਿਆਣਾ ‘ਚ ਵੀ ਆਮ ਆਦਮੀ ਪਾਰਟੀ ਹੀ ਮੇਅਰ ਬਣਾਉਣ ਲਈ ਆਪਣਾ ਦਾਅਵਾ ਪੇਸ਼ ਕਰ ਰਹੀ ਹੈ। ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 41 ਵਾਰਡਾਂ ਵਿਚ ਜਿੱਤ ਹਾਸਲ ਹੋਈ ਹੈ, ਜਦਕਿ ਮੇਅਰ ਬਣਾਉਣ ਲਈ ਬਹੁਮਤ ਲਈ 48 ਕੌਂਸਲਰਾਂ ਦਾ ਸਮਰਥਨ ਹੋਣਾ ਜ਼ਰੂਰੀ ਹੁੰਦਾ ਹੈ। ਆਮ ਆਦਮੀ ਪਾਰਟੀ ਵੱਲੋਂ 7 ਵਿਧਾਇਕਾਂ ਦੀ ਵੋਟ ਦੇ ਦਮ ‘ਤੇ ਬਹੁਮਤ ਦਾ ਅੰਕੜਾ ਪਾਰ ਕਰਨ ਲਈ ਰਣਨੀਤੀ ਬਣਾਈ ਗਈ ਹੈ। ਪਰ ਕਾਨੂੰਨੀ ਰਾਏ ਅਨੁਸਾਰ ਜੇ ਵਿਧਾਇਕਾਂ ਦੀ ਵੋਟ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਸ ਲਈ 52 ਵੋਟਾਂ ਹੋਣੀਆਂ ਚਾਹੀਦੀਆਂ ਹਨ। ਲੁਧਿਆਣਾ ਤੋਂ ਭਾਜਪਾ ਦੇ 19 ਅਤੇ ਕਾਂਗਰਸ ਦੇ 30 ਮੈਂਬਰ ਚੁਣੇ ਗਏ ਹਨ। ਇਸ ਤੋਂ ਇਲਾਵਾ 2 ਆਜ਼ਾਦ ਉਮੀਦਵਾਰ ਵੀ ਚੋਣ ਜਿੱਤੇ ਹਨ।
ਅੰਮ੍ਰਿਤਸਰ ਨਗਰ ਨਿਗਮ ਲਈ ਵੀ ਮੇਅਰ ਦੀ ਚੋਣ ਲਈ ਪੇਚਾ ਫਸਿਆ ਹੋਇਆ ਹੈ। ਇਥੋਂ ਕਾਂਗਰਸ ਦੇ 40 ਕੌਂਸਲਰ ਜਿੱਤੇ ਹਨ, ਜਦਕਿ ਮੇਅਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 46 ਸੀਟਾਂ ਦੀ ਲੋੜ ਹੈ। ਅੰਮ੍ਰਿਤਸਰ ਤੋਂ 8 ਕੌਂਸਲਰ ਆਜ਼ਾਦ ਜਿੱਤੇ ਹਨ, ਜੇਕਰ ਉਹ ਕਾਂਗਰਸ ਦੀ ਹਮਾਇਤ ਕਰਦੇ ਹਨ, ਤਾਂ ਇਥੋਂ ਕਾਂਗਰਸ ਪਾਰਟੀ ਦਾ ਮੇਅਰ ਚੁਣੇ ਜਾਣ ਦੀ ਸੰਭਾਵਨਾ ਵੱਧ ਹੈ। ਮੇਅਰ ਦੇ ਉਮੀਦਵਾਰ ਲਈ ਵਿਕਾਸ ਸੋਨੀ ਅਤੇ ਕਮਲਪ੍ਰੀਤ ਸਿੰਘ ਲੱਕੀ ਆਪਣਾ ਹੱਕ ਜਤਾ ਰਹੇ ਹਨ।
ਪਟਿਆਲਾ ਨਗਰ ਨਿਗਮ ਤੋਂ ਆਮ ਆਦਮੀ ਪਾਰਟੀ ਹੀ ਆਪਣਾ ਮੇਅਰ ਬਣਾਉਣ ਲਈ ਦਾਅਵਾ ਪੇਸ਼ ਕਰੇਗੀ। ਪਾਰਟੀ ਵੱਲੋਂ ਕਿਸੇ ਹਿੰਦੂ ਚਿਹਰੇ ਨੂੰ ਇਥੋਂ ਮੇਅਰ ਨਾਮਜ਼ਦ ਕੀਤਾ ਜਾ ਸਕਦਾ ਹੈ। ਇਥੇ ਪਾਰਟੀ ਦੇ ਕਈ ਅਜਿਹੇ ਉਮੀਦਵਾਰ ਹਨ, ਜੋ ਮੇਅਰ ਬਣਨ ਲਈ ਆਪੋ-ਆਪਣੇ ਹੱਕ ਜਤਾ ਰਹੇ ਹਨ।
ਫਗਵਾੜਾ ਨਗਰ ਨਿਗਮ ਤੋਂ ਕਾਂਗਰਸ ਪਾਰਟੀ ਦਾ ਬਹੁਮਤ ਹੈ ਅਤੇ ਇਸੇ ਪਾਰਟੀ ਨਾਲ ਸੰਬੰਧਤ ਉਮੀਦਵਾਰ ਦੇ ਮੇਅਰ ਬਣਨ ਦੀ ਉਮੀਦ ਹੈ।