-ਹਰਿਆਣਾ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਨੂੰ ਗ੍ਰਿਫ਼ਤਾਰ ਕਰਨ ਦੇ ਦਿੱਤੇ ਸਨ ਹੁਕਮ
ਚੰਡੀਗੜ੍ਹ, 19 ਮਾਰਚ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗਾਇਕ ਤੇ ਰੈਪਰ ਬਾਦਸ਼ਾਹ ਨੂੰ ਟਟੀਹਰੀ ਗੀਤ ਦੇ ਮਾਮਲੇ ‘ਚ ਰਾਹਤ ਦਿੱਤੀ ਹੈ। ਇਸ ਮਾਮਲੇ ਵਿਚ ਕਮਿਸ਼ਨ ਸਾਹਮਣੇ ਪੇਸ਼ ਨਾ ਹੋਣ ‘ਤੇ ਹਰਿਆਣਾ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਸਨ। ਬਾਦਸ਼ਾਹ ਨੇ ਹਾਈਕੋਰਟ ਵਿਚ ਆਪਣੀ ਗ੍ਰਿਫਤਾਰੀ ਖਿਲਾਫ ਪਟੀਸ਼ਨ ਪਾਈ ਸੀ, ਜਿਸ ਉਤੇ ਫੈਸਲੈ ਕਰਦਿਆਂ ਹਾਈਕੋਰਟ ਨੇ ਬਾਦਸ਼ਾਹ ਦੀ ਗ੍ਰਿਫਤਾਰੀ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਰੈਪਰ ਤੇ ਗਾਇਕ ਬਾਦਸ਼ਾਹ ਖਿਲਾਫ ਟਟੀਹਰੀ ਗੀਤ ਦੇ ਵਿਵਾਦਿਤ ਬੋਲਾਂ ਨੂੰ ਲੈ ਕੇ ਹਰਿਆਣਾ ਵਿਚ ਦੋ ਮਾਮਲੇ ਦਰਜ ਹਨ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਹੁਣ ਉਸ ਖਿਲਾਫ ਜਾਰੀ ਲੁਕ ਆਊਟ ਨੋਟਿਸ ਨੂੰ ਵੀ ਵਾਪਸ ਲਵੇਗੀ। ਬਾਦਸ਼ਾਹ ਦੇ ਟਟੀਹਰੀ ਗਾਣੇ ਦੇ ਬੋਲਾਂ ‘ਚ ਅਸ਼ਲੀਲਤਾ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਲਿਆ ਸੀ ਤੇ ਉਸਦੀ ਗ੍ਰਿਫਤਾਰੀ ਨੂੰ ਲੈ ਕੇ ਪੰਚਕੂਲਾ ਦੇ ਐੱਸ.ਐੱਸ.ਪੀ. ਨੂੰ ਹੁਕਮ ਕੀਤੇ ਸਨ।
‘ਟਟੀਹਰੀ’ ਗੀਤ ਦੇ ਵਿਵਾਦ ਨੂੰ ਲੈ ਕੇ ਹਰਿਆਣਾ ਮਹਿਲਾ ਕਮਿਸ਼ਨ ਨੇ ਪਹਿਲਾਂ ਅੱਜ ਤੇ ਉਸ ਤੋਂ ਪਹਿਲਾਂ 14 ਮਾਰਚ ਨੂੰ ਬੌਲੀਵੁੱਡ ਸਿੰਗਰ ਅਤੇ ਰੈਪਰ ਬਾਦਸ਼ਾਹ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ। ਅਸਲ ਵਿਚ ਬਾਦਸ਼ਾਹ ਨੂੰ ਪਾਣੀਪਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਉੱਥੇ ਨਹੀਂ ਪਹੁੰਚਿਆ। ਉਨ੍ਹਾਂ ਦੇ ਵਕੀਲਾਂ ਨੇ ਕਮਿਸ਼ਨ ਅੱਗੇ ਇਹ ਦਲੀਲ ਦਿੱਤੀ ਸੀ ਕਿ ਬਾਦਸ਼ਾਹ ਆਪਣੇ ਕਿਸੇ ਜ਼ਰੂਰੀ ਕੰਮ ਵਿਚ ਰੁੱਝਿਆ ਹੋਇਆ ਹੈ, ਜਿਸ ਕਰਕੇ ਉਹ ਨਹੀਂ ਆ ਸਕਿਆ ਅਤੇ ਉਸ ਨੇ ਪੇਸ਼ ਹੋਣ ਲਈ ਹੋਰ ਸਮਾਂ ਮੰਗਿਆ ਸੀ।
ਬਾਦਸ਼ਾਹ ਦੇ ਪੇਸ਼ ਨਾ ਹੋਣ ਕਰਕੇ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਣੂ ਭਾਟੀਆ ਕਾਫੀ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਾਦਸ਼ਾਹ ਦੁਪਹਿਰ 3 ਵਜੇ ਤੱਕ ਪੇਸ਼ ਨਾ ਹੋਏ, ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਦੋਂ 3 ਵਜੇ ਫਿਰ ਤੋਂ ਵਕੀਲਾਂ ਨੇ ਆ ਕੇ ਸਮਾਂ ਮੰਗਿਆ, ਤਾਂ ਕਮਿਸ਼ਨ ਦੀ ਪ੍ਰਧਾਨ ਨੇ ਤੁਰੰਤ ਪੰਚਕੂਲਾ ਅਤੇ ਪਾਣੀਪਤ ਦੇ ਐੱਸ.ਪੀ. ਨੂੰ ਬਾਦਸ਼ਾਹ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰਨ ਦੇ ਨਿਰਦੇਸ਼ ਦੇ ਦਿੱਤੇ, ਤਾਂ ਕਿ ਉਹ ਦੇਸ਼ ਛੱਡ ਕੇ ਨਾ ਜਾ ਸਕਣ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਧੀਆਂ-ਭੈਣਾਂ ਦੀ ਇੱਜ਼ਤ ਬਚਾਉਣ ਲਈ ਹੁਣ ਕਮਿਸ਼ਨ ਸਖ਼ਤੀ ਵਰਤਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਸਾਰਾ ਮਾਮਲਾ ਟਟੀਹਰੀ ਗੀਤ ਦੇ ਇਤਰਾਜ਼ਯੋਗ ਬੋਲਾਂ ਅਤੇ ਵੀਡੀਓ ਵਿਚ ਕੁੜੀਆਂ ਨੂੰ ਗਲਤ ਤਰੀਕੇ ਨਾਲ ਦਿਖਾਉਣ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਮਹਿਲਾ ਕਮਿਸ਼ਨ ਨੇ 6 ਮਾਰਚ ਨੂੰ ਨੋਟਿਸ ਭੇਜ ਕੇ ਬਾਦਸ਼ਾਹ ਨੂੰ ਪਾਣੀਪਤ ਐੱਸ.ਪੀ. ਦਫ਼ਤਰ ਵਿਚ ਹਾਜ਼ਰ ਹੋਣ ਲਈ ਕਿਹਾ ਸੀ। ਹਾਲਾਂਕਿ ਬਾਦਸ਼ਾਹ ਦੇ ਵਕੀਲ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਕਮਿਸ਼ਨ ਨੇ ਸਿੱਧੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਸਨ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਰੈਪਰ ਬਾਦਸ਼ਾਹ ਦੀ ਗ੍ਰਿਫ਼ਤਾਰੀ ‘ਤੇ ਰੋਕ

