#PUNJAB

ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਤੇ ਗੜ੍ਹੇ

ਚੰਡੀਗੜ੍ਹ, 30  ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਸਰਦੀਆਂ ਦਾ ਪਹਿਲਾ ਮੀਂਹ ਪਿਆ ਹੈ ਤੇ ਚੰਡੀਗੜ੍ਹ ਵਿੱਚ ਵੀ ਜ਼ੋਰਦਾਰ ਬਾਰਸ਼ ਹੋਈ। ਕਈ ਥਾਵਾਂ ’ਤੇ ਗੜ੍ਹੇ ਵੀ ਪਏ। ਇਸ ਮੀਂਹ ਕਰਕੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਗਈ ਹੈ, ਉੱਥੇ ਹੀ ਠੰਢ ਨੇ ਵੀ ਦਸਤਕ ਦੇ ਦਿੱਤੀ ਹੈ। ਅੱਜ ਤੜਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੈ ਰਹੇ ਮੀਂਹ ਕਾਰਨ ਤਾਪਮਾਨ ਵੀ ਆਮ ਨਾਲੋਂ ਹੇਠਾਂ ਆ ਗਿਆ। ਮੀਂਹ ਪੈਣ ਕਾਰਨ ਸੂਬੇ ਵਿੱਚ ਕਈ ਥਾਵਾਂ ’ਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਾਰਨ ਸਕੂਲੀ ਬੱਚਿਆਂ, ਕਾਰੋਬਾਰੀਆਂ ਤੇ ਨੌਕਰੀ ਪੇਸ਼ਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਸ਼ਾਮ ਤੱਕ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸਵੇਰ ਤੱਕ ਰੋਪੜ ਵਿੱਚ 38.5 ਐੱਮਐੱਮ, ਨਵਾਂ ਸ਼ਹਿਰ ਵਿੱਚ 21.6 ਐੱਮਐੱਮ, ਚੰਡੀਗੜ੍ਹ ਵਿੱਚ 16.8 ਐੱਮਐੱਮ, ਗੁਰਦਾਸਪੁਰ ਵਿੱਚ 14.8 ਐੱਮਐੱਮ, ਪਠਾਨਕੋਟ ਵਿੱਚ 10 ਐੱਮਐੱਮ, ਮੁਹਾਲੀ ਵਿੱਚ ਤਿੰਨ ਐੱਮਐੱਮ ਅਤੇ ਅੰਮ੍ਰਿਤਸਰ ਵਿੱਚ ਦੋ ਐੱਮਐੱਮ ਮੀਂਹ ਪਿਆ ਹੈ।