#PUNJAB

ਪੰਜਾਬ ‘ਚ ਹੋ ਸਕਦੀ ਹੈ ਇਕ ਹੋਰ ਜ਼ਿਮਨੀ ਚੋਣ!

ਜਲੰਧਰ, 24 ਜੂਨ (ਪੰਜਾਬ ਮੇਲ)– ਕੀ ਜਲੰਧਰ ਸੈਂਟਰਲ ਵਿਧਾਨ ਸਭਾ ਹਲਕਾ ਜ਼ਿਮਨੀ ਚੋਣ ਵੱਲ ਵਧ ਰਿਹਾ ਹੈ? ਨਗਰ ਨਿਗਮ ਦੀਆਂ ਹਾਲੀਆ ਸਰਗਰਮੀਆਂ ਅਤੇ ਤਿਆਰੀਆਂ ਨੂੰ ਦੇਖ ਕੇ ਸਿਆਸੀ ਹਲਕਿਆਂ ਵਿਚ ਅਜਿਹੀਆਂ ਚਰਚਾਵਾਂ ਜ਼ੋਰ ਫੜਨ ਲੱਗੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਨਿਗਮ ਦੇ ਉੱਚ ਅਧਿਕਾਰੀਆਂ ਨੇ ਹੇਠਲੇ ਪੱਧਰ ਦੇ ਅਫਸਰਾਂ ਨੂੰ ‘ਬਾਈ ਇਲੈਕਸ਼ਨ ਮੋਡ’ ਵਿਚ ਆਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਨਾਲ ਇਸ ਅਟਕਲ ਨੂੰ ਹੋਰ ਬਲ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਤਤਕਾਲੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਸੁਸ਼ੀਲ ਰਿੰਕੂ ਨੇ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਾਰਟੀ ਛੱਡਣ ਨਾਲ ਜਲੰਧਰ ਵੈਸਟ ਵਿਚ ਜ਼ਿਮਨੀ ਚੋਣ ਹੋਈ, ਜਿਸ ਵਿਚ ‘ਆਪ’ ਉਮੀਦਵਾਰ ਮਹਿੰਦਰ ਭਗਤ ਜੇਤੂ ਰਹੇ। ਹੁਣ ‘ਆਪ’ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਵਿਜੀਲੈਂਸ ਕਾਰਵਾਈ ਚੱਲ ਰਹੀ ਹੈ ਅਤੇ ਉਹ ਨਾਭਾ ਜੇਲ੍ਹ ਵਿਚ ਬੰਦ ਹਨ। ਅਜਿਹੇ ਵਿਚ ਜਲੰਧਰ ਸੈਂਟਰਲ ਦੀ ਸੀਟ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ।
ਇਸੇ ਕੜੀ ਵਿਚ ਆਮ ਆਦਮੀ ਪਾਰਟੀ ਦੇ ਉਦਯੋਗਪਤੀ ਨਿਤਿਨ ਕੋਹਲੀ ਨੂੰ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂ ਦੇ ਐਲਾਨ ਦੇ ਨਾਲ ਹੀ ਸਿਆਸੀ ਗਲਿਆਰਿਆਂ ‘ਚ ਚਰਚਾ ਸ਼ੁਰੂ ਹੋ ਗਈ ਕਿ ਕੋਹਲੀ ਨੂੰ ਆਗਾਮੀ ਜ਼ਿਮਨੀ ਚੋਣ ਲਈ ‘ਆਪ’ ਦਾ ਸੰਭਾਵਿਤ ਉਮੀਦਵਾਰ ਬਣਾਇਆ ਜਾਵੇਗਾ। ਕਿਉਂਕਿ ਮੇਅਰ ਵਨੀਤ ਧੀਰ ਨਿਤਿਨ ਕੋਹਲੀ ਦੇ ਕਾਫੀ ਨਜ਼ਦੀਕੀ ਹਨ, ਇਸ ਲਈ ਨਗਰ ਨਿਗਮ ਅੰਦਰ ਵਿਸ਼ੇਸ਼ ਹਲਚਲ ਦੇਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਜਲੰਧਰ ਸੈਂਟਰਲ ਹਲਕੇ ਦੇ ਵਿਕਾਸ ਕੰਮਾਂ ਨੂੰ ਪਹਿਲ ਦਿੱਤੀ ਜਾਵੇ।
ਸ਼ੁੱਕਰਵਾਰ ਨੂੰ ਨਗਰ ਨਿਗਮ ਕੰਪਲੈਕਸ ‘ਚ ਹੋਈ ਮੀਟਿੰਗ ‘ਚ ਸੈਂਟਰਲ ਵਿਧਾਨ ਸਭਾ ਹਲਕੇ ਦੇ 23 ਵਾਰਡਾਂ ਦੇ ਜਿੱਤੇ-ਹਾਰੇ ਕੌਂਸਲਰ ਉਮੀਦਵਾਰ ਸ਼ਾਮਲ ਹੋਏ। ਇਸ ਮੀਟਿੰਗ ਵਿਚ ਇਲਾਕੇ ਦੀਆਂ ਸੀਵਰੇਜ, ਵਾਟਰ ਸਪਲਾਈ, ਸੜਕਾਂ ਦੀ ਮੁਰੰਮਤ ਅਤੇ ਸਟਰੀਟ ਲਾਈਟਾਂ ਵਰਗੀਆਂ ਸਮੱਸਿਆਵਾਂ ‘ਤੇ ਖੁੱਲ੍ਹ ਕੇ ਚਰਚਾ ਹੋਈ ਅਤੇ ਵਧੇਰੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਿਗਮ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ, ਫੋਨ ਤੱਕ ਨਹੀਂ ਚੁੱਕਦੇ ਅਤੇ ਸਮੱਸਿਆਵਾਂ ਦੇ ਹੱਲ ਵਿਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ।
ਇਸ ‘ਤੇ ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਕਿ ਹੁਣ ਲਾਪ੍ਰਵਾਹੀ ਅਤੇ ਟਾਲ-ਮਟੋਲ ਦਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਾਰਿਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਹੀ ਹੋਵੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਜਲੰਧਰ ਸੈਂਟਰਲ ਵਿਧਾਨ ਸਭਾ ਹਲਕਾ ਨੇੜ ਭਵਿੱਖ ‘ਚ ਜ਼ਿਮਨੀ ਚੋਣ ਦਾ ਸਾਹਮਣਾ ਕਰੇਗਾ ਜਾਂ ਫਿਰ 2027 ‘ਚ ਹੋਣ ਵਾਲੀ ਨਿਯਮਿਤ ਵਿਧਾਨ ਸਭਾ ਦੀ ਚੋਣ ‘ਚ ਨਿਤਿਨ ਕੋਹਲੀ ਨੂੰ ਮੈਦਾਨ ਵਿਚ ਉਤਾਰਿਆ ਜਾਵੇਗਾ।